ਤਰਨਤਾਰਨ: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਖਾਲੜਾ, ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਹਨ ਅਤੇ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।


ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਤਰਨਤਾਰਨ ਪ੍ਰਦੀਪ ਕੁਮਾਰ ਸਭਰਵਾਲ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਤੇ ਟਕਸਾਲੀ ਦਲ ਦੇ ਬੈਠ ਚੁੱਕੇ ਉਮੀਦਵਾਰ ਤੇ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇ.ਜੇ. ਸਿੰਘ ਹਾਜ਼ਰ ਸਨ।

ਖਾਲੜਾ ਨੇ ਆਪਣੇ ਹਲਫ਼ੀਆ ਬਿਆਨ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੇ ਪਤੀ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਸੰਨ 1995 ਵਿੱਚ ਕਤਲ ਕਰ ਦਿੱਤਾ ਸੀ। ਪਰਮਜੀਤ ਖਾਲੜਾ ਕੋਲ ਐਮ.ਏ. ਪੰਜਾਬੀ ਤੇ ਬੀ.ਲਿਬ ਦੀ ਡਿਗਰੀ ਹੈ। ਉਨ੍ਹਾਂ ਕੋਲ 3,10,000 ਰੁਪਏ ਕੈਸ਼ ਤੇ ਬੈਂਕਾਂ ਵਿੱਚ ਹਨ ਅਤੇ ਇਸ ਦੇ ਨਾਲ 2013 ਮਾਡਲ ਦਾ ਇੱਕ ਸਕੂਟਰ ਵੀ ਉਨ੍ਹਾਂ ਦੀ ਮਲਕੀਅਤ ਹੈ। ਖਾਲੜਾ ਕਿਸੇ ਕਿਸਮ ਦੀ ਅਚੱਲ ਜਾਇਦਾਦ ਦੇ ਮਾਲਕਣ ਨਹੀਂ ਹਨ ਪਰ ਉਨ੍ਹਾਂ ਦੇ ਪਤੀ ਦੇ ਨਾਂਅ 'ਤੇ ਇੱਕ ਕਰੋੜ 10 ਲੱਖ ਦੀ ਜਾਇਦਾਦ ਹੈ।