ਮਰਸਿਡੀਜ਼ ਚਾਲਕ 'ਬੱਚੇ' ਨੇ ਟ੍ਰੈਫਿਕ ਮੁਲਾਜ਼ਮ ਨੂੰ ਬੋਨਟ 'ਤੇ ਚੁੱਕਿਆ
ਏਬੀਪੀ ਸਾਂਝਾ | 12 Jul 2018 11:15 AM (IST)
ਲੁਧਿਆਣਾ: ਬੀਤੇ ਦਿਨ ਸ਼ਹਿਰ ਦੇ ਹੀਰੋ ਬੇਕਰੀ ਚੌਕ ਵਿੱਚ ਇੱਕ ਨਾਬਾਲਗ ਕਾਰ ਚਾਲਕ ਨੇ ਕਥਿਤ ਤੌਰ ’ਤੇ ਟਰੈਫਿਕ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ ਤੇ ਆਪਣੀ ਜਾਨ ਬਚਾਉਂਦਾ ਟਰੈਫਿਕ ਪੁਲਿਸ ਜਵਾਨ ਨੂੰ ਗੱਡੀ ਦੇ ਬੋਨਟ ’ਤੇ ਲਮਕ ਗਿਆ। ਇਸ ਦੌਰਾਨ ਪੁਸਿਲ ਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਸ ਦੇ ਬਾਅਦ ਉਸ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ। ਘਟਨਾ ਪਿੱਛੋਂ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਰਾਜੇਸ਼ ਖਾਨੇਜਾ ਦੇ ਨਾਂ ਹੇਠ ਰਜਿਸਟਰਿਡ ਮਰਸਡੀ ਕਾਰ (PB-08-BL-0941) ਨੂੰ ਜ਼ਬਤ ਕਰ ਲਿਆ ਹੈ। ADCP (ਟਰੈਫਿਕ) ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਸ਼ਾਮੀਂ ਕਰੀਬ6.30 ਵਜੇ ਵਾਪਰੀ ਜਦੋਂ ਟਰੈਫਿਕ ਪੁਲਿਸ ਮੁਲਾਜ਼ਮ ਸੁਰਿੰਦਰ ਸਿੰਘ ਇੱਕ ਮਰਸਡੀ ਕਾਰ ਨੂੰ ਰੈੱਡ ਲਾਈਟ ਟੱਪਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸੁਰਿੰਦਰ ਸਿੰਘ ਨੇ ਕਾਰ ਆਉਂਦੀ ਵੇਖੀ ਤਾਂ ਉਹ ਕਾਰ ਨੂੰ ਰੋਕਣ ਲਈ ਅੱਗੇ ਆ ਖੜਾ ਹੋ ਗਿਆ। ਕਾਰ ਰੋਕਣ ਦੀ ਬਜਾਏ ਚਾਲਕ ਨੇ ਪਹਿਲਾਂ ਕਾਰ ਦੀ ਗਤੀ ਹੋਲ਼ੀ ਕਰ ਲਈ ਤੇ ਫਿਰ ਸੁਰਿੰਦਰ ਸਿੰਘ ਦੇ ਅੱਗਿਓ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਪਿੱਛੋਂ ਕਾਰ ਰੋਕਣ ਤੇ ਆਪਣੀ ਜਾਨ ਬਚਾਉਣ ਲਈ ਸੁਰਿੰਦਰ ਸਿੰਘ ਕਾਰ ਦੇ ਬੋਨਟ ’ਤੇ ਲਟਕ ਗਿਆ। ਘਟਨਾ ਵਿੱਚ ਟਰੈਫਿਕ ਪੁਲਿਸ ਮੁਲਾਜ਼ਮ ਸੁਰਿੰਦਰ ਸਿੰਘ ਨੂੰ ਮਾਮੂਲਾ ਸੱਟਾਂ ਵੀ ਲੱਗੀਆਂ। ਡਾਕਟਰਾਂ ਮੁਤਾਬਕ ਪੁਲਿਸ ਮੁਲਾਜ਼ਮ ਖ਼ਤਰੇ ਤੋਂ ਬਾਹਰ ਹੈ। ਬਾਹਰੀ ਸੱਟਾਂ ਜ਼ਿਆਦਾ ਤਾਂ ਨਹੀਂ ਲੱਗੀਆਂ ਪਰ ਅੰਦਰੂਨੀ ਫੱਟ ਬਾਰੇ ਪਤਾ ਕਰਨ ਲਈ ਮੁਲਾਜ਼ਮ ਦਾ ਮੁਆਇਨਾ ਕੀਤਾ ਜਾਏਗਾ। ਥਾਣੇਦਾਰ ਜਤਿੰਦਰ ਕੁਮਾਰ, ਪੁਲਿਸ ਡਵੀਜ਼ਨ 5 ਦੇ ਐਸਐਚਓ ਨੇ ਦੱਸਿਆ ਕਿ ASI ਨੇ ਹਸਪਤਾਲ ਦਾ ਦੌਰਾ ਕਰ ਕੇ ਟਰੈਫਿਕ ਪੁਲਿਸ ਮੁਲਾਜ਼ਮ ਸੁਰਿੰਦਰ ਸਿੰਘ ਦਾ ਹਾਲਤ ਦਾ ਜਾਇਜ਼ਾ ਲਿਆ। ਪਰ ਡਾਕਟਰਾਂ ਨਾ ਕਿਹਾ ਕਿ ਉਹ ਅਜੇ ਬਿਆਨ ਦੇਣ ਦੇ ਸਮਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਏਗੀ। ਇਸ ਸਬੰਧੀ ਹਾਲੇ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।