Punjab DGP Gaurav Yadav: ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੂੰ ਲੈ ਕੇ ਇਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਮੁੱਖ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ 25 ਤਾਰੀਖ਼ ਨੂੰ ਪੂਰੀ ਰਿਪੋਰਟ ਸਮੇਤ ਤਲਬ ਕੀਤਾ ਹੈ। ਜਾਣਕਾਰੀ ਅਨੁਸਾਰ, ਤਰਨਤਾਰਨ ਉਪ-ਚੋਣ ਦੇ ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ ਸੀ। ਇਸ ਚਿੱਠੀ ਵਿੱਚ ਦਾਅਵਾ ਕੀਤਾ ਗਿਆ ਕਿ ਚੋਣ ਦੌਰਾਨ ਦਰਜ ਕੀਤੀ ਗਈ ਐਫ.ਆਈ.ਆਰ. ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਅਕਾਲੀ ਦਲ ਦਾ ਇਹ ਵੀ ਆਰੋਪ ਹੈ ਕਿ ਵੋਟਿੰਗ ਵਾਲੇ ਦਿਨ ਉਨ੍ਹਾਂ ਦੇ ਕਈ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਚੋਣ ਦੌਰਾਨ ਸਰਕਾਰੀ ਮਸ਼ੀਨਰੀ ਦਾ ਦੁਰਪ੍ਰਯੋਗ ਕੀਤਾ ਗਿਆ।
ਗੌਰ ਕਰਨ ਵਾਲੀ ਗੱਲ ਹੈ ਕਿ 14 ਨਵੰਬਰ ਨੂੰ ਤਰਨਤਾਰਨ ਉਪ-ਚੋਣ ਦੇ ਨਤੀਜੇ ਆਏ ਸਨ, ਜਿਨ੍ਹਾਂ ਵਿੱਚ 'ਆਪ' ਨੇ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ, ਜਦਕਿ ਅਕਾਲੀ ਦਲ ਦੂਜੇ ਸਥਾਨ 'ਤੇ ਰਿਹਾ। ਇਸ ਸਾਰੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਡੀ.ਜੀ.ਪੀ. ਗੌਰਵ ਯਾਦਵ ਤੋਂ ਵਿਸਥਾਰ ਨਾਲ ਰਿਪੋਰਟ ਮੰਗੀ ਹੈ, ਤਾਂ ਜੋ ਚੋਣ ਦੌਰਾਨ ਕੀਤੇ ਗਏ ਆਰੋਪਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ।
ਜਾਣਕਾਰੀ ਲਈ ਦੱਸ ਦਈਏ ਕਿ ਤਰਨਤਾਰਨ ਵਿੱਚ ਅਕਾਲੀ ਵਰਕਰਾਂ ਖ਼ਿਲਾਫ਼ ਦਰਜ ਕੀਤੀਆਂ ਗਈਆਂ ਐਫ਼ਆਈਆਰਾਂ ਦੇ ਮਾਮਲੇ ਵਿੱਚ ਇਸ ਹਲਕੇ ਦੀ ਚੋਣ ਅਬਜ਼ਰਵਰ, ਓਡੀਸ਼ਾ ਕੈਡਰ ਦੀ ਆਈ.ਪੀ.ਐਸ. ਅਧਿਕਾਰੀ ਸ਼ਾਈਨੀ ਐਸ. ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ‘ਤੇ ਚੋਣ ਕਮਿਸ਼ਨ ਨੇ 8 ਨਵੰਬਰ ਨੂੰ ਰਵਜੋਤ ਕੌਰ ਨੂੰ ਮੁਅੱਤਲ ਕਰ ਦਿੱਤਾ ਸੀ।ਸ਼ਾਈਨੀ ਐਸ. ਦੀ ਤਿੰਨ ਸਫ਼ਿਆਂ ਦੀ ਰਿਪੋਰਟ ਵਿੱਚ ਐਫ਼ਆਈਆਰ ਦਰਜ ਕਰਨ ਦੇ ਤਰੀਕੇ, ਗ੍ਰਿਫ਼ਤਾਰੀਆਂ ਦੇ ਸਮੇਂ ਅਤੇ ਹੋਰ ਕਈ ਪ੍ਰਕਿਰਿਆਵਾਂ ‘ਤੇ ਸਵਾਲ ਉਠਾਏ ਗਏ ਸਨ। ਤਰਨਤਾਰਨ, ਅੰਮ੍ਰਿਤਸਰ, ਮੋਗਾ ਅਤੇ ਬਟਾਲਾ ਵਿੱਚ ਅਕਾਲੀ ਵਰਕਰਾਂ ਦੇ ਖ਼ਿਲਾਫ਼ ਕੁੱਲ ਨੌਂ ਐਫ਼ਆਈਆਰਾਂ ਦਰਜ ਹੋਈਆਂ, ਜਿਸ ਤੋਂ ਬਾਅਦ ਅਕਾਲੀ ਦਲ ਨੇ ਇਹ ਮਾਮਲਾ ਚੋਣ ਕਮਿਸ਼ਨ ਦੇ ਸਾਹਮਣੇ ਰੱਖਿਆ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਰਕਰਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਇਸੇ ਕਰਕੇ ਚੋਣ ਕਮਿਸ਼ਨ ਨੇ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਕੀਤੀ ਹੈ ਅਤੇ ਰਿਪੋਰਟਾਂ ਦੀ ਰੌਸ਼ਨੀ ਵਿੱਚ ਹੋਰ ਜਾਂਚ ਜਾਰੀ ਹੈ।
ਰਵਜੋਤ ਕੌਰ ਦੀ ਮੁਅੱਤਲੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਸੀਈਓ ਰਾਹੀਂ ਰਾਜ ਪੁਲਿਸ ਨੋਡਲ ਅਧਿਕਾਰੀ ਦੇ ਜ਼ਰੀਏ ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਤੋਂ ਜਵਾਬ ਤਲਬ ਕੀਤਾ ਸੀ। ਡੀ.ਆਈ.ਜੀ. ਨੇ ਤਰਨਤਾਰਨ ਦੇ ਤਤਕਾਲੀਨ ਐੱਸ.ਐੱਸ.ਪੀ. ਨੂੰ ਕਿਸੇ ਵੀ ਗੜਬੜ ਤੋਂ ਬਰੀ ਕਰਾਰ ਦਿੰਦਿਆਂ ਕਿਹਾ ਸੀ ਕਿ ਗ੍ਰਿਫ਼ਤਾਰੀਆਂ ਚੱਲ ਰਹੀ ਜਾਂਚ ਦਾ ਹੀ ਹਿੱਸਾ ਸਨ। ਹਾਲਾਂਕਿ, ਚੋਣ ਕਮਿਸ਼ਨ ਨੇ ਅਬਜ਼ਰਵਰ ਦੀ ਰਿਪੋਰਟ ਦੇ ਆਧਾਰ ‘ਤੇ ਐੱਸ.ਐੱਸ.ਪੀ. ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਕਮਿਸ਼ਨ ਨੇ ਏ.ਡੀ.ਜੀ.ਪੀ. ਰੈਂਕ ਦੇ ਇੱਕ ਅਧਿਕਾਰੀ ਨੂੰ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।
ਏ.ਡੀ.ਜੀ.ਪੀ. ਰਾਮ ਸਿੰਘ ਨੇ 13 ਨਵੰਬਰ ਨੂੰ ਆਪਣੀ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਮੁੱਖ ਚੋਣ ਅਧਿਕਾਰੀ ਨੂੰ ਸੌਂਪ ਦਿੱਤੀ, ਜਿਸ ਨੂੰ ਬਾਅਦ ਵਿੱਚ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਸੀ। ਰਾਮ ਸਿੰਘ ਦੀ ਇਸ ਰਿਪੋਰਟ ਵਿੱਚ ਤਰਨਤਾਰਨ ਦੀ ਤਤਕਾਲੀਨ ਐੱਸ.ਐੱਸ.ਪੀ. ਰਵਜੋਤ ਕੌਰ ਗਰੇਵਾਲ ਵੱਲੋਂ ਕੀਤੀ ਕਾਰਵਾਈ ਨੂੰ ‘ਉਚਿਤ’ ਕਰਾਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹੀ ਰਿਪੋਰਟ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਡੀ.ਜੀ.ਪੀ. ਨੂੰ 25 ਨਵੰਬਰ ਨੂੰ ਤਲਬ ਕੀਤਾ ਹੈ।