ਪਟਿਆਲਾ: ਇੱਥੋਂ ਦੀ ਮਿਰਚ ਮੰਡੀ ਵਿੱਚ ਦੇਰ ਰਾਤ ਡੇਢ ਵਜੇ ਦੇ ਕਰੀਬ ਜਬਰਦਸਤ ਵਿਸਫੋਟ ਹੋਇਆ। ਇਸ ਧਮਾਕੇ ਵਿੱਚ ਚਾਰ ਦੁਕਾਨਾਂ ਦੀਆ ਛੱਤਾਂ ਉੱਡ ਗਈਆਂ। ਧਮਾਕੇ ਵਿੱਚ 21 ਸਾਲਾ ਨੌਜਵਾਨ ਰਾਜਤ ਮਿੱਤਲ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਜਾਣਨ ਲਈ ਚੰਡੀਗੜ੍ਹ ਤੋਂ ਫੋਰੈਂਸਿਕ ਮਾਹਿਰ ਟੀਮ ਪਹੁੰਚੀ ਹੈ।

ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹੱਲ ਤੋਂ ਤਕਰੀਬਨ ਚਾਰ ਕਿਲੋਮੀਟਰ 'ਤੇ ਪੈਂਦੀ ਮਿਰਚ ਮੰਡੀ ਦੇ ਗੋਦਾਮ ਵਿੱਚ ਰਾਤ ਡੇਢ਼ ਵਜੇ ਦੇ ਕਰੀਬ ਜਬਰਦਸਤ ਵਿਸਫੋਟ ਹੋਇਆ। ਇਸ ਵਿੱਚ ਗੋਦਾਮ ਮਾਲਕ ਦੇ ਬੇਟੇ ਰਾਜਤ ਮਿੱਤਲ ਦੀ ਮੌਕੇ 'ਤੇ ਮੌਤ ਹੋ ਗਈ। ਧਮਾਕਾ ਇੰਨਾ ਜਬਰਦਸਤ ਸੀ ਕਿ ਗੋਦਾਮ ਦਾ ਸ਼ਟਰ ਤਕਰੀਬਨ ਅੱਧਾ ਕਿਲੋਮੀਟਰ ਦੂਰ ਜਾ ਡਿੱਗਾ ਤੇ ਨਾਲ ਦੀਆ ਚਾਰ ਦੁਕਾਨਾਂ ਦੀਆਂ ਛੱਤਾਂ ਤੱਕ ਉੱਡ ਗਾਈਆਂ।

ਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਜ ਸਵੇਰ ਤੋਂ ਹੀ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਮਲਬਾ ਹਟਾਉਣ ਦਾ ਕੰਮ ਜਾਰੀ ਰਿਹਾ। ਇਸ ਮਗਰੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਬੰਬ ਸੁਕਐਡ ਤੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਜੋ ਖਰੜ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜੇ ਗਏ। ਬਹਰਹਾਲ ਜਾਂਚ ਜਾਰੀ ਹੈ ਪਰ ਧਮਾਕੇ ਦੇ ਕਰਨ ਅਜੇ ਵੀ ਰਹੱਸ ਬਣੇ ਹੋਏ ਹਨ। ਧਮਾਕਾ ਇੰਨਾ ਵੱਡਾ ਸੀ ਕਿ ਤਕਰੀਬਨ ਪੂਰੇ ਸ਼ਹਿਰ ਵਿੱਚ ਇਸ ਦੀ ਗੂੰਜ ਸੁਣੀ ਗਈ।

ਪੁਲਿਸ ਦਾ ਕਹਿਣਾ ਹੈ ਕੇ ਫੋਰੈਂਸਿਕ ਜਾਂਚ ਮਗਰੋਂ ਹੀ ਪੁਖਤਾ ਜਾਣਕਾਰੀ ਮੁਹੱਈਆ ਹੋ ਸਕੇਗੀ। ਬਹਰਹਾਲ ਪੁਲਿਸ ਵੱਖ ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਜੇਕਰ ਇਹ ਧਮਾਕਾ ਦਿਨ ਵਿੱਚ ਹੁੰਦਾ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋਣ ਦਾ ਕਾਰਨ ਬਣਦਾ ਕਿਉਂਕਿ ਮਿਰਚ ਮੰਡੀ ਵਿੱਚ ਬੇਹਦ ਭੀੜ ਰਹਿੰਦੀ ਹੈ ਤੇ ਗੁੜ ਮੰਡੀ ਨੂੰ ਜਾਣ ਵਾਲੀ ਮੁੱਖ ਸੜਕ ਹੋਣ ਕਾਰਨ ਨੁਕਸਾਨ ਬਹੁਤ ਵੱਡਾ ਹੋਣਾ ਸੀ।