ਚੰਡੀਗੜ੍ਹ: ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰਾਂ ’ਤੇ ਖਲੋਣ ਦੀ ਕਵਾਇਦ ’ਚ ਹੈ। ਬੀਜੇਪੀ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਆਪਣੇ ਦਮ ’ਤੇ ਲੜਨ ਦਾ ਐਲਾਨ ਕੀਤਾ ਹੈ ਪਰ ਭਾਜਪਾ ਦੀ ਪੰਜਾਬ ਵਿੱਚ ਅਗਨੀ ਪ੍ਰੀਖਿਆ ਤਾਂ ਅਗਲੇ ਸਾਲ 2021 ਦੇ ਜਨਵਰੀ ਮਹੀਨੇ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ’ਚ ਹੀ ਹੋ ਜਾਵੇਗੀ।

ਬੀਜੇਪੀ 1996 ਤੋਂ ਪੰਜਾਬ ’ਚ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜਦੀ ਰਹੀ ਹੈ ਪਰ ਐਤਕੀਂ ਨਵੇਂ ਖੇਤੀ ਕਾਨੂੰਨ ਦੇ ਮੁੱਦੇ ’ਤੇ 24 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਗ ਨੇ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਮਾਰਚ 2022 ਵਿੱਚ ਹੋਣੀਆਂ ਤੈਅ ਹੈ। ਇਸ ਨੂੰ ਵੇਖਦਿਆਂ ਸੂਬੇ ਦੇ ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣਾਂ ਨੂੰ 2022 ਦਾ ਸੈਮੀਫ਼ਾਈਨਲ ਵੀ ਮੰਨਿਆ ਜਾ ਰਿਹਾ ਹੈ।

ਮੋਦੀ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ, ਰੇਲ ਮਹਿਕਮੇ ਸਾਹਮਣੇ ਰੱਖੀ ਨਵੀਂ ਸ਼ਰਤ

ਭਾਜਪਾ ਦੇ ਇਮਤਿਹਾਨ ਦੀ ਪਹਿਲੀ ਕਸਵੱਟੀ ਸ਼ਹਿਰੀ ਖੇਤਰਾਂ ਦੀਆਂ ਕੌਂਸਲ ਤੇ ਨਿਗਮ ਚੋਣਾਂ ਹੋਣਗੀਆਂ। ਸੂਬੇ ਦੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਆਖ ਚੁੱਕੇ ਹਨ ਕਿ ਇਸ ਵਾਰ ਹਰੇਕ ਵਾਰਡ ’ਚ ਬਾਕਾਇਦਾ ਚੋਣ ਨਿਸ਼ਾਨ ਵਾਲੇ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ। ਦੱਸ ਦੇਈਏ ਪਿਛਲੀਆਂ ਨਗਰ ਨਿਗਮ ਚੋਣਾਂ ’ਚ ਅਕਾਲੀ ਤੇ ਭਾਜਪਾ ਦਾ ਗੱਠਜੋੜ ਸੀ। ਚੰਡੀਗੜ੍ਹ ਨਗਰ ਨਿਗਮ ਦੀਆਂ ਕੁੱਲ 26 ਸੀਟਾਂ ਵਿੱਚੋਂ ਭਾਜਪਾ ਨੇ ਇਕੱਲੀ ਨੇ 19 ਸੀਟਾਂ ਜਿੱਤੀਆਂ ਸਨ, ਜਦ ਕਿ ਕਾਂਗਰਸ ਸਿਰਫ਼ ਚਾਰ ਸੀਟਾਂ ਉੱਤੇ ਜਿੱਤ ਦਰਜ ਕਰਵਾ ਸਕੀ ਸੀ।

ਉੱਧਰ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਤੋਂ ਕਾਂਗਰਸ ਦੇ ਮੇਅਰ ਚੁਣੇ ਗਏ ਸਨ। ਹੁਣ ਵੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਨ ਤੋਂ ਬਾਅਦ ਕੀ ਭਾਜਪਾ ਸਮੁੱਚੇ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰ ਸਕੇਗੀ ਜਾਂ ਨਹੀਂ।

Punjab State Maa Lakshami Diwali Pooja Bumper 2020 Draw: ਇਹ ਹਨ ਡੇਢ ਕਰੋੜ ਜਿੱਤਣ ਵਾਲੇ ਲੱਕੀ ਨੰਬਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904