ਚੰਡੀਗੜ੍ਹ: ਭਗਵੰਤ ਮਾਨ ਨੇ ਅੱਜ ਮੁੜ ਪ੍ਰਧਾਨ ਵਜੋਂ ਤਾਜ਼ਪੋਸ਼ੀ ਹੋਈ ਹੈ ਪਰ ਇਸ ਵਾਰ ਉਨ੍ਹਾਂ ਦੇ ਸਿਰ ਫੁੱਲਾਂ ਦਾ ਨਹੀਂ ਸਗੋਂ ਕੰਡਿਆਂ ਦਾ ਤਾਜ਼ ਸੱਜਿਆ ਹੈ। ਇਸ ਵੇਲੇ ਆਮ ਆਦਮੀ ਪਾਰਟੀ ਦੋ ਟੋਟੇ ਹੋ ਚੁੱਕੀ ਹੈ ਤੇ ਲੋਕ ਸਭਾ ਚੋਣਾਂ ਸਿਰ ਉੱਪਰ ਹਨ। ਪਾਰਟੀ ਵਰਕਰਾਂ ਦੇ ਟੁੱਟੇ ਮਨੋਬਲ ਨੂੰ ਮੁੜ ਚੜ੍ਹਦੀ ਕਲਾ ਵਿੱਚ ਬਦਲਣ ਲਈ ਲੋਕ ਸਭਾ ਚੋਣਾਂ ਵਿੱਚ ਘੱਟੋ-ਘੱਟ ਪਿਛਲੀ ਵਾਰ ਵਾਲਾ ਇਤਿਹਾਸ ਦਹਿਰਾਉਣਾ ਜ਼ਰੂਰੀ ਹੈ। ਇਹ ਹੀ ਭਗਵੰਤ ਮਾਨ ਸਾਹਮਣੇ ਸਭ ਤੋਂ ਵੱਡੀ ਵੰਗਾਰ ਹੈ। ਦੂਜੇ ਪਾਸੇ ਹੁਣ ਤੱਕ ਦੇ ਸਰਵੇਖਣਾਂ ਵਿੱਚ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਮਿਲਦੀ ਦਿਖਾਈ ਨਹੀਂ ਦਿੰਦੀ। ਅਜਿਹੇ ਵਿੱਚ ਭਗਵੰਤ ਮਾਨ 'ਤੇ ਵੱਡੀ ਚੁਣੌਤੀ ਹੈ ਕਿ ਉਹ ਖਿੰਡੇ ਹੋਏ ਵੋਟ ਬੈਂਕ ਨੂੰ ਇੱਕਜੁਟ ਕਰਕੇ ਵਿਰੋਧੀਆਂ ਨੂੰ ਟੱਕਰ ਦੇਣ ਲਈ ਮਾਹੌਲ ਤਿਆਰ ਕਰਨ। ਜੇਕਰ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਾਰ ਮਿਲਦੀ ਹੈ ਤਾਂ ਭਗਵੰਤ ਮਾਨ ਦੇ ਨਾਲ-ਨਾਲ ਪੰਜਾਬ ਵਿੱਚ 'ਆਪ' ਦੇ ਭਵਿੱਖ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਜਾਏਗਾ। ਦਰਅਸਲ ਭਗਵੰਤ ਮਾਨ ਪਿਛਲੇ ਸਾਲ ਉਸ ਵੇਲੇ ਅਸਤੀਫਾ ਦਿੱਤਾ ਸੀ ਜਦੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਮਾਫੀ ਮੰਗਣ ਕਰਕੇ ਪੰਜਾਬ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਸੀ। ਇਸ ਮੁੱਦੇ ਉੱਤੇ ਪਾਰਟੀ ਦੋ ਟੋਟੇ ਹੋ ਗਈ ਪਰ ਭਗਵੰਤ ਮਾਨ ਸ਼ਾਂਤ ਹੋ ਕੇ ਕੇਜਰੀਵਾਲ ਨਾਲ ਹੀ ਤੁਰ ਪਏ। ਇਸ ਲਈ ਪਾਰਟੀ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਹੀ ਨਹੀਂ ਕੀਤਾ ਸੀ। ਦੂਜੇ ਪਾਸੇ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਅੱਜ ਭਗਵੰਤ ਮਾਨ ਨੇ ਮੁੜ ਪਾਰਟੀ ਦੀ ਕਮਾਨ ਸੰਭਾਲ ਲਈ ਹੈ। ਇਸ ਲਈ ਉਨ੍ਹਾਂ ਦੇ ਇਸ ਫੈਸਲੇ ਦਾ ਸਵਾਗਤ ਵੀ ਹੋ ਰਿਹਾ ਤੇ ਵਿਰੋਧ ਵੀ ਕੀਤਾ ਜਾ ਰਿਹਾ ਹੈ। ਵਿਰਧੀਆਂ ਦੇ ਨਾਲ-ਨਾਲ ਪਾਰਟੀ ਵਰਕਰਾਂ ਵਿੱਚ ਵੀ ਇਹ ਸਵਾਲ ਹੈ ਕਿ ਜੇਕਰ ਉਸ ਵੇਲੇ ਕੁਝ ਗਲਤ ਨਹੀਂ ਹੋਇਆ ਸੀ ਤਾਂ ਆਖਰ ਭਗਵੰਤ ਮਾਨ ਨੇ ਅਸਤੀਫਾ ਦਿੱਤਾ ਹੀ ਕਿਉਂ ਸੀ। ਹੁਣ ਭਗਵੰਤ ਮਾਨ ਨੂੰ ਹੋਰ ਚੁਣੌਤੀਆਂ ਦੇ ਨਾਲ-ਨਾਲ ਇਸ ਸਵਾਲ ਦੀ ਵੀ ਜਵਾਬ ਦੇਣਾ ਪਵੇਗਾ।