ਨੋਟਬੰਦੀ: ਬੈਂਕਾਂ 'ਚ ਹੋ ਰਹੇ ਵੱਡੇ ਘੋਟਾਲੇ
ਏਬੀਪੀ ਸਾਂਝਾ | 02 Dec 2016 05:18 PM (IST)
ਬਠਿੰਡਾ: ਦੇਸ਼ 'ਚ ਨੋਟਬੰਦੀ ਦੇ ਚੱਲਦੇ ਜਨਤਾ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਇਸ ਨੋਟਬੰਦੀ ਦੀ ਆੜ 'ਚ ਬੈਂਕਾਂ ਦੇ ਅਧਿਕਾਰੀਆਂ ਤੇ ਨੋਟ ਬਦਲੀ ਦੇ ਨਾਮ 'ਤੇ ਵੱਡੇ ਘੋਟਾਲੇ ਕਰਨ ਦੇ ਵੀ ਇਲਜ਼ਾਮ ਲੱਗ ਰਹੇ ਹਨ। ਬਠਿੰਡਾ ਦੀ ਰਾਮਪੁਰਾ ਪੁਲਿਸ ਨੇ OBC ਬੈਂਕ ਦੇ ਮੈਨੇਜਰ ਤੇ ਕੈਸ਼ੀਅਰ ਨੂੰ ਕਮਿਸ਼ਨ ਲੈ ਕੇ ਨੋਟ ਬਦਲਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਥਾਨਕ ਕਮਿਸ਼ਨ ਏਜੰਟ ਪਰਵੀਨ ਬਾਂਸਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਸਥਾਨਕ OBC ਬੈਂਕ ਦਾ ਮੈਨੇਜਰ ਮਨੀਸ਼ ਭਾਰਤੀ ਤੇ ਕੈਸ਼ੀਅਰ 20 ਪ੍ਰਤੀਸ਼ਤ ਕਮਿਸ਼ਨ ਲੈ ਕੇ ਪੁਰਾਣੀ ਕਰੰਸੀ ਬਦਲ ਰਹੇ ਹਨ। ਪਰਵੀਨ ਮੁਤਾਬਕ OBC ਬੈਂਕ ਮੈਨੇਜਰ ਮਨੀਸ਼ ਨੇ ਉਸ ਨੂੰ ਇੱਕ ਲੱਖ ਰੁਪਏ ਪੁਰਾਣੀ ਕਰੰਸੀ ਬਦਲੇ 80 ਹਜਾਰ ਰੁਪਏ ਦੇ ਨਵੇਂ ਨੋਟ ਦਿੱਤੇ ਹਨ। ਆੜਤੀ ਪਰਵੀਨ ਮੁਤਾਬਕ ਬੈਂਕ ਮੈਨੇਜਰ ਨੇ ਇਸ ਤਰਾਂ ਕਮਿਸ਼ਨ ਲੈ ਕੇ ਹੋਰ ਲੋਕਾਂ ਤੋਂ ਲੱਖਾਂ ਰੁਪਏ ਕਮਾਏ ਹਨ। ਫਿਲਹਾਲ ਪੁਲਿਸ ਨੇ ਇਸ ਸ਼ਿਕਾਇਤ ਦੇ ਅਧਾਰ 'ਤੇ ਬੈਂਕ ਮੈਨੇਜਰ ਮਨੀਸ਼ ਭਾਰਤੀ ਤੇ ਕੈਸ਼ੀਅਰ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਰਾਮਪੁਰਾ ਦੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਮੁਤਾਬਕ ਮਾਮਲੇ ਦੀ ਗਹੁਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤੇ ਮੁਲਜ਼ਮਾਂ ਨੂੰ ਕਿਸੇ ਕੀਮਤ 'ਤੇ ਵੀ ਬਖਸ਼ਿਆ ਨਹੀਂ ਜਾਏਗਾ।