ਲੁਧਿਆਣਾ: ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਇੱਕ ਵਾਰ ਫਿਰ ਸਿੱਖ ਧਾਰਮਿਕ ਗ੍ਰੰਥ ਜਪੁਜੀ ਸਾਹਿਬ ਅਤੇ ਹਿੰਦੂ ਗ੍ਰੰਥ ਹਨੂੰਮਾਨ ਚਾਲੀਸਾ ਦੀ ਬੇਅਦਬੀ ਕੀਤੀ ਗਈ ਹੈ। ਖਬਰ ਲੁਧਿਆਣਾ ਦੇ ਚੰਦਰ ਨਗਰ ਤੋਂ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਇਲਾਕੇ ਦੇ ਲੋਕਾਂ 'ਚ ਰੋਸ ਦਾ ਮਹੌਲ ਹੈ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਲੁਧਿਆਣਾ ਦੇ ਚੰਦਰ ਨਗਰ ਇਲਾਕੇ 'ਚ ਸੈਰ ਕਰ ਰਹੇ ਲੋਕਾਂ ਨੇ ਸੜਕ 'ਤੇ ਸਿੱਖ ਧਾਰਮਿਕ ਗ੍ਰੰਥ ਜਪੁਜੀ ਸਾਹਿਬ ਦੇ ਟੁਕੜੇ ਪਏ ਦੇਖੇ। ਇਸ ਦੇ ਨਾਲ ਹੀ ਹਨੂੰਮਾਨ ਚਾਲੀਸਾ ਦੇ ਅੰਗ ਵੀ ਸੜਕ ਕਿਨਾਰੇ ਪਏ ਮਿਲੇ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਚੱਲਦੇ ਸਥਾਨਕ ਲੋਕਾਂ 'ਚ ਕਾਫੀ ਰੋਸ ਹੈ। ਫਿਲਹਾਲ ਸੜਕ ਤੋਂ ਮਿਲੇ ਸਾਰੇ ਅੰਗਾਂ ਨੂੰ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਭੇਜਿਆ ਗਿਆ ਹੈ। ਇੱਥੋਂ ਹੀ ਇਹਨਾਂ ਅੰਗਾਂ ਨੂੰ ਅੰਤਿਮ ਸੰਸਕਾਰ ਦੇ ਲਈ ਭੇਜਿਆ ਜਾਵੇਗਾ।