ਅਮਰਗੜ੍ਹ : ਅੱਜ ਅਚਾਨਕ ਮਾਲੇਰਕੋਟਲਾ ਖੇਤਰ ਵਿੱਚ ਅਮਰਗੜ੍ਹ ਦੇ ਮੌਜੂਦਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਅਤੇ ਫੈਕਟਰੀਆਂ ਵਿੱਚ ਸੀ.ਬੀ.ਆਈ ਵੱਲੋਂ ਛਾਪਾ ਪੈਣ ਦੀ ਖ਼ਬਰ ਜੰਗਲ ਦੀ ਅੱਗ ਵਾਂਗੂ ਫੈਲ ਗਈ। ਜਿਸ ਵਿੱਚ ਕਈ ਮੀਡੀਆ ਚੈਨਲਾਂ ਵੱਲੋਂ ਇਸ ਨੂੰ ਬੈਂਕ ਘਪਲੇ ਨਾਲ ਜੋੜਿਆ ਗਿਆ। 

 

ਇਸ ਸਬੰਧੀ ਵਿਧਾਇਕ ਗੱਜਣਮਾਜਰਾ ਨੇ ਮੀਡੀਆ ਨਾਲ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਛਾਪਾ ਸਿਆਸੀ ਕਾਰਨਾਂ ਕਰਕੇ ਬਦਲਾਖੋਰੀ ਦੀ ਭਾਵਨਾ ਨਾਲ ਸਾਡੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਮਾਰਿਆ ਗਿਆ ਹੈ। ਜਿਸ ਦਾ ਉਹ ਕਾਨੂੰਨੀ ਤੌਰ 'ਤੇ ਜਵਾਬ ਦੇਣਗੇ। ਮਾਲੇਰਕੋਟਲਾ ਦੇ ਪਟਵਾਰੀ ਮਾਮਲੇ ਦੇ ਸਬੰਧ ਵਿੱਚ ਕਿਹਾ ਕਿ ਕਾਨੂੰਨੀ ਤੌਰ 'ਤੇ ਸਾਰਾ ਕੁੱਝ ਹੋ ਰਿਹਾ, ਮੇਰਾ ਇਸ ਵਿੱਚ ਕੋਈ ਰੋਲ ਨਹੀਂ ਹੈ।

 

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨਾਲ ਜੁੜੇ 40 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਸੰਗਰੂਰ ਵਿੱਚ ਤਿੰਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਅਮਰਗੜ੍ਹ ਦੇ ਵਿਧਾਇਕ ਖ਼ਿਲਾਫ਼ ਮਲੇਰਕੋਟਲਾ ਇਲਾਕੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬੈਂਕ ਆਫ਼ ਬੜੌਦਾ ਦੀ ਸ਼ਿਕਾਇਤ ’ਤੇ ਗੱਜਣਮਾਜਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

 


ਸੂਤਰਾਂ ਮੁਤਾਬਕ ਇਹ ਰੇਡ ਸੰਗਰੂਰ ਦੇ ਮਾਲੇਰਕੋਟਲਾ ਵਿਚ ਕੀਤੀ ਗਈ ਹੈ। ਬੈਂਕ ਆਫ ਇੰਡੀਆ ਨੇ ਇਸ ਫਰਾਡ ਦੀ ਸ਼ਿਕਾਇਤ ਕੀਤੀ ਸੀ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਸੀ. ਬੀ. ਆਈ. ਨੇ ਗੱਜਣਾਜਰਾ ਦੇ ਟਿਕਾਣਿਆਂ ਤੋਂ 94 ਬਲੈਂਕ ਚੈੱਕ ਬਰਾਮਦ ਕੀਤੇ ਹਨ। ਫਿਲਹਾਲ ਸੀ. ਬੀ. ਆਈ. ਵਲੋਂ ਇਸ ਮਾਮਲੇ ਵਿਚ ਅਜੇ ਤਕ ਕੋਈ ਅਧਿਕਾਰਕ ਤੌਰ ’ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ।

 


 ਵਰਨਣਯੋਗ ਹੈ ਕਿ ਗੱਜਣਮਾਜਰਾ ਪਸ਼ੂ ਫੀਡ ਤੇ ਸਿੱਖਿਆ ਦੇ ਬਿਜਨਿਸ ਨਾਲ ਜੁੜੇ ਹੋਏ ਹਨ। ਇਸ ਵਾਰ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਅਮਰਗੜ੍ਹ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਗੱਣਜਮਾਜਰਾ ਉਹੀ ਵਿਧਾਇਕ ਹਨ ,ਜਿਨ੍ਹਾਂ ਨੇ ਚੋਣਾਂ ਜਿੱਤਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਉਹ ਸਿਰਫ ਇਕ ਰੁਪਿਆ ਤਨਖਾਹ ਲੈਣਗੇ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।