ਰੋਪੜ : ਰੋਪੜ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਇਕ ਆਗੂ ਦੀ ਗੱਡੀ ਸ਼ੱਕੀ ਹਾਲਾਤਾਂ 'ਚ ਭਾਖੜਾ ਨਹਿਰ 'ਚ ਡਿੱਗਣ ਨਾਲ ਮੌਤ ਹੋ ਗਈ। ਜਦਕਿ ਪੁਲਿਸ ਥਾਣੇ ਵਿੱਚ ਪੁੱਜੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋ ਆਮ ਆਦਮੀ ਪਾਰਟੀ 'ਤੇ ਬਦਲਾਖੋਰੀ ਦੀ ਸਿਆਸਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸੀ ਆਗੂਆਂ 'ਤੇ ਪਰਚੇ ਦਰਜ ਕਰਕੇ ਦਬਾਉ ਬਣਾਇਆ ਜਾ ਰਿਹਾ ਹੈ।
ਰੋਪੜ ਦੇ ਵਿੱਚ ਅੱਜ ਮੋਹਾਲੀ ਜ਼ਿਲੇ ਦੇ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੀ ਕਾਰ ਸ਼ੱਕੀ ਹਾਲਾਤਾਂ 'ਚ ਭਾਖੜਾ ਨਹਿਰ 'ਚ ਡਿੱਗ ਗਈ। ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਗ਼ੋਤੇਖ਼ੋਰਾਂ ਵੱਲੋ ਤੁਰੰਤ ਮੁਸ਼ੱਕਤ ਨਾਲ ਕਾਰ ਵਿੱਚ ਸਵਾਰ ਗੁਰਧਿਆਨ ਸਿੰਘ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਗ਼ੋਤੇਖ਼ੋਰ ਗੁਰਧਿਆਨ ਸਿੰਘ ਨੂੰ ਕਾਰ 'ਚੋਂ ਬਾਹਰ ਨਹੀਂ ਕੱਢ ਸਕੇ।
ਗ਼ੋਤੇਖ਼ੋਰਾਂ ਵੱਲੋ ਪੁਲਿਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰ ਨੂੰ ਨਹਿਰ 'ਚੋਂ ਕੱਢਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਦੋ ਕੁ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਜਦੋਂ ਕਾਰ ਨਹਿਰ 'ਚੋਂ ਬਾਹਰ ਕੱਢੀ ਤਾਂ ਗੁਰਧਿਆਨ ਸਿੰਘ ਦੀ ਮੌਤ ਹੋ ਚੁੱਕੀ ਸੀ। ਦੱਸਣਯੋਗ ਹੈ ਕਿ ਗੁਰਧਿਆਨ ਸਿੰਘ ਮੋਹਾਲੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਸਨ ਜਸਵਿੰਦਰ ਕੌਰ ਦੇ ਪਤੀ ਸਨ ਤੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਜ਼ਦੀਕੀ ਵੀ ਸਨ।
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਰੋਪੜ ਦੇ ਥਾਣਾ ਸਿੰਘ ਭਗਵੰਤਪੁਰਾ ਵਿਖੇ ਪੁੱਜੇ ਤੇ ਉਨ੍ਹਾਂ ਇਸ ਘਟਨਾ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਲੀਡਰਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਆਮ ਆਦਮੀ ਦੀ ਸਰਕਾਰ ਜਦੋਂ ਤੋਂ ਬਣੀ ਹੈ, ਉਦੋਂ ਤੋਂ ਹੀ ਸਿਆਸੀ ਬਦਲਾਖੋਰੀ ਦੀ ਨੀਤੀ 'ਤੇ ਚੱਲ ਰਹੀ ਹੈ। ਉਨ੍ਹਾਂ ਮੋਹਾਲੀ ਦੇ ਵਿਧਾਇਕ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਨੇਤਾਵਾਂ 'ਤੇ ਸਿਆਸੀ ਬਦਲਾਖੋਰੀ ਤਹਿਤ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਉਦਿਆ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਦੇ ਬਣਦੇ ਜਾ ਰਹੇ ਹਾਲਾਤਾਂ 'ਤੇ ਸਵਾਲ ਵੀ ਪੁੱਛੇ।