ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਬਰਗਾੜੀ ਬੇਅਦਬੀ ਮਾਮਲੇ 'ਚ ਬਾਦਲਾਂ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਗੱਲ ਆਖੀ ਹੈ। ਉਹਨਾਂ ਇਸ ਮਾਮਲੇ 'ਚ ਕਾਂਗਰਸ ਅਤੇ ਆਪ ਨੂੰ ਜਨਤਕ ਤੌਰ 'ਤੇ ਮਾਫੀ ਮੰਗਣ ਲਈ ਵੀ ਕਿਹਾ ਹੈ ।
ਅਕਾਲੀ ਦਲ ਵੱਲੋਂ ਬਲਵਿੰਦਰ ਸਿੰਘ ਭੂੰਦੜ (Balwinder Singh Bhunder) ਅਤੇ ਮਹੇਸ਼ਇੰਦਰ ਸਿੰਘ ਗਰੇਵਾਲ (Maheshinder Singh Grewal) ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਮਾਮਲੇ 'ਤੇ ਸਿਆਸਤ ਕੀਤੀ ਜਾ ਰਹੀ ਹੈ ਅਤੇ ਸਿਆਸੀ ਆਗੂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਰਹੇ ਹਨ।
ਅਕਾਲੀ ਦਲ ਨੇ ਟਵੀਟ ਕਰ ਕਿਹਾ ਕਿ, " ਇਹ ਹੁਣ ਸਾਫ ਹੋ ਗਿਆ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੀਆਂ ਸਰਕਾਰਾਂ ਅਤੇ ਮੁੱਖ ਮੰਤਰੀਆਂ ਦੇ ਨਾਲ-ਨਾਲ ਕੁਝ ਅਖੌਤੀ ਪੰਥਕ ਸੰਸਥਾਵਾਂ ਅਤੇ ਆਗੂਆਂ ਨੇ ਬੇਅਦਬੀ ਦੇ ਮੁੱਦੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਂ 'ਤੇ 'ਕੁਫਰ' ਰਾਹੀਂ 'ਬਜਰ ਪਾਪ' ਕੀਤਾ ਹੈ।
ਉਨ੍ਹਾਂ ਇਕ ਹੋਰ ਟਵੀਟ 'ਚ ਕਿਹਾ, "ਇਨ੍ਹਾਂ ਪਾਰਟੀਆਂ, ਇਨ੍ਹਾਂ ਦੀਆਂ ਸਰਕਾਰਾਂ ਅਤੇ ਆਗੂਆਂ ਨੂੰ ਬੇਅਦਬੀ ਲਈ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿਚ ਅਤੇ ਸਿੱਖ ਸੰਗਤ ਤੋਂ ਸਮੂਹਿਕ, ਸਪੱਸ਼ਟ ਅਤੇ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।"
ਉਨ੍ਹਾਂ ਕਿਹ, "ਅਸੀਂ 2015 ਦੀ ਬੇਅਦਬੀ ਦੀਆਂ ਘਟਨਾਵਾਂ 'ਤੇ ਰਾਜਨੀਤੀ ਕਰਨ ਵਾਲੇ ਅਤੇ ਬਿਨਾਂ ਕਿਸੇ ਸਬੂਤ ਦੇ ਇਸ ਘਿਨਾਉਣੇ ਅਪਰਾਧ ਲਈ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਜਾਂਚ ਕਰਾਂਗੇ।ਪਾਰਟੀ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਸਮੇਤ ਇਨ੍ਹਾਂ ਆਗੂਆਂ ਨੂੰ ਕੋਰਟ 'ਚ ਘਸੀਟਣ ਲਈ ਕਾਨੂੰਨੀ ਮਾਹਿਰਾਂ ਤੋਂ ਰਾਏ ਲਵੇਗੀ।"