ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੰਗਾਰਿਆ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਮਿਲੀਭੁਗਤ ਕਰਕੇ ਜਾਖੜ ਦੀ ਨਹੀਂ ਸੁਣਦੇ ਤਾਂ ਸਾਰੇ ਕਾਂਗਰਸੀਆਂ ਨੂੰ ਜਾਂ ਤਾਂ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ ਜਾਂ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਸਾਹਮਣੇ ਪੱਕਾ ਮੋਰਚਾ ਲਾ ਲੈਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਅੱਜ ਜਦੋਂ 'ਆਪ' ਦੇ ਬਿਜਲੀ ਅੰਦੋਲਨ ਨੇ ਪੰਜਾਬ ਦੇ ਲੋਕਾਂ ਨੂੰ ਨਵੀਂ ਉਮੀਦ ਦਿਖਾਈ ਹੈ ਤਾਂ ਕਾਂਗਰਸੀ, ਅਕਾਲੀ-ਭਾਜਪਾ ਤੇ ਇਨ੍ਹਾਂ ਦੀਆਂ ਏ-ਬੀ ਟੀਮਾਂ ਬੌਖਲਾਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 'ਆਪ' ਦਾ ਬਿਜਲੀ ਅੰਦੋਲਨ ਸੂਬੇ ਭਰ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਬਿਜਲੀ ਅੰਦੋਲਨ ਦੇ ਚੌਥੇ ਦਿਨ ਪੰਜਾਬ ਦੇ ਕਰੀਬ 650 ਪਿੰਡਾਂ 'ਚ ਜਨਤਕ ਇਕੱਠ ਹੋਏ ਜਿਨ੍ਹਾਂ ਵਿੱਚ ਪਿੰਡ ਪੱਧਰੀ ਬਿਜਲੀ ਕਮੇਟੀਆਂ ਦਾ ਗਠਨ ਹੋਇਆ। ਬੀਤੇ ਦਿਨ ਐਤਵਾਰ ਨੂੰ 371 ਪਿੰਡਾਂ 'ਚ ਬਿਜਲੀ ਅੰਦੋਲਨ ਤਹਿਤ ਬਿਜਲੀ ਕਮੇਟੀਆਂ ਬਣਾਈਆਂ ਗਈਆਂ ਸੀ।
ਮਾਨ ਨੇ ਦੱਸਿਆ ਕਿ ਬਿਜਲੀ ਵਿਭਾਗ ਤੇ ਕਾਂਗਰਸ ਸਰਕਾਰ ਵੀ ਬਿਜਲੀ ਬਿੱਲਾਂ ਤੋਂ ਪੀੜਤਾਂ ਦੀ ਬਾਂਹ ਨਹੀਂ ਫੜ ਰਹੇ ਜਦਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਵਿਰੁੱਧ ਆਵਾਜ਼ ਉਠਾਉਂਦੇ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਸਮੇਂ ਜਦ ਸੁਖਬੀਰ ਸਿੰਘ ਬਾਦਲ ਬਠਿੰਡਾ ਸਮੇਤ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਕਰ ਕੇ ਨਿੱਜੀ ਕੰਪਨੀਆਂ ਨਾਲ ਬੇਹੱਦ ਮਹਿੰਗੀਆਂ ਬਿਜਲੀ ਦਰਾਂ 'ਤੇ ਸਮਝੌਤੇ ਕਰ ਰਹੇ ਸੀ ਤਾਂ ਉਸ ਸਮੇਂ ਵੀ 'ਆਪ' ਨੇ ਡਟ ਕੇ ਇਸ ਦਾ ਵਿਰੋਧ ਕੀਤਾ ਸੀ।
ਉਨ੍ਹਾਂ ਇਲਜ਼ਾਮ ਲਾਇਆ ਕਿ ਸੁਖਬੀਰ ਬਾਦਲ ਨੇ ਨਿੱਜੀ ਕੰਪਨੀਆਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਹਿੱਸੇਦਾਰੀ ਕੀਤੀ ਹੈ ਜਿਸ ਦੀ ਕੈਪਟਨ ਸਰਕਾਰ ਨੂੰ ਚੋਣ ਵਾਅਦੇ ਮੁਤਾਬਕ ਜਾਂਚ ਕਰਾਉਣੀ ਚਾਹੀਦੀ ਸੀ ਪਰ ਸੱਤਾ 'ਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਵੀ ਇਨ੍ਹਾਂ ਨਿੱਜੀ ਬਿਜਲੀ ਕੰਪਨੀਆਂ ਨਾਲ ਹੱਥ ਮਿਲਾ ਲਿਆ। ਉਨ੍ਹਾਂ ਕਿਹਾ ਕਿ 2300 ਕਰੋੜ ਰੁਪਏ ਪ੍ਰਤੀ ਸਾਲ ਅੱਜ ਵੀ ਉਨ੍ਹਾਂ ਤਿੰਨ ਨਿੱਜੀ ਥਰਮਲ ਪਲਾਟਾਂ ਦੀ ਜੇਬ੍ਹ ਵਿੱਚ ਜਾ ਰਿਹਾ ਹੈ, ਜਿਨ੍ਹਾਂ ਦੀ ਸੁਖਬੀਰ ਬਾਦਲ ਨਾਲ ਭਾਈਵਾਲੀ ਹੈ। ਉਨ੍ਹਾਂ ਕਿਹਾ ਕਿ ਜਾਖੜ ਦੇ ਬਿਆਨ ਤੋਂ ਸਪਸ਼ਟ ਝਲਕਦਾ ਹੈ ਅੱਜ ਵੀ ਪੰਜਾਬ 'ਚ ਬਾਦਲਾਂ ਦੀ ਸਰਕਾਰ ਹੈ ਤੇ ਜਾਖੜ ਸਮੇਤ ਬਹੁਤੇ ਕਾਂਗਰਸੀ ਕੈਪਟਨ ਦੀ ਸਰਕਾਰ 'ਚ ਬੇਵੱਸ ਹਨ।