ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਦੂਜਾ ਦਿਨ ਹੈ। ਪਹਿਲੇ ਦਿਨ ਭਾਰੀ ਹੰਗਾਮੇ ਨਾਲ ਸ਼ੁਰੂ ਹੋਏ ਸੈਸ਼ਨ ਵਿੱਚ ਅੱਜ ਤੂੰ-ਤੂੰ, ਮੈਂ-ਮੈਂ ਵਾਲਾ ਮਾਹੌਲ ਬਣ ਗਿਆ। ਦਰਅਸਲ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਨੂੰ ਆਪਸ ਵਿੱਚ ਭਿੜ ਪਏ।



ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰਾਇਣ ਦਾਸ ਨੂੰ ਕਥਿਤ ਤੌਰ ‘ਤੇ ਹਮਾਇਤ ਦੇਣ ਦਾ ਮੁੱਦਾ ਉਠਾਇਆ। ਇਸ ਤੇ ਉਲਟ ਵਾਰ ਕਰਦੇ ਹੋਏ ਮਜੀਠੀਆ ਨੇ ਗਿੱਲ ਤੇ ਇਲਜ਼ਾਮ ਲਾਏ ਕਿ ਉਸ ਦੇ ਪੁਲਿਸ ਅਫ਼ਸਰ ਅਜੀਤ ਸਿੰਘ ਸੰਧੂ ਨਾਲ ਸਬੰਧ ਰਹੇ ਹਨ "ਜਿਸ ਨੂੰ ਅੱਤਵਾਦ ਦੇ ਦੌਰ ਵਿੱਚ ਮਾਸੂਮ ਸਿੱਖਾਂ ਨੂੰ ਮਾਰੇ ਜਾਣ ਲਈ ਜਾਣਿਆ ਜਾਂਦਾ ਹੈ।"

ਦੱਸ ਦੇਈਏ ਕਿ ਸਾਕਾ ਨਨਕਾਣਾ 20 ਫਰਵਰੀ 1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰਿਆ ਸੀ। 260 ਤੋਂ ਵੱਧ ਸਿੱਖਾਂ ਦਾ ਇਸ ਦੌਰਾਨ ਕਤਲ ਕੀਤਾ ਗਿਆ ਸੀ।