ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਫਿਰ ਹੰਗਾਮਾ ਹੋਇਆ। ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਨੇ ਬੁੱਧਵਾਰ ਨੂੰ ਇੱਕ-ਦੂਜੇ ਦੇ ਪਰਿਵਾਰ ਨੂੰ ਬਹਿਸ ਦਾ ਮੁੱਦਾ ਬਣਾ ਲਿਆ ਤੇ ਦੂਸ਼ਣਬਾਜ਼ੀ ਕੀਤੀ। ਕਾਂਗਰਸੀ ਮੰਤਰੀ ਨੇ ਜਿੱਥੇ ਮਜੀਠੀਆ ਦੇ ਦਾਦੇ 'ਤੇ ਜਨਰਲ ਡਾਇਰ ਦੀ ਖ਼ੁਸ਼ਾਮਦ ਕਰਨ ਦੇ ਦੋਸ਼ ਲਾਏ ਤਾਂ ਮਜੀਠੀਆ ਨੇ ਵੀ ਰੰਧਾਵਾ ਦੇ ਪਿਤਾ 'ਤੇ ਇੰਦਰਾ ਗਾਂਧੀ ਪ੍ਰਤੀ ਧੰਨਵਾਦੀ ਹੋਣ ਦਾ ਦਾਅਵਾ ਕੀਤਾ।
ਆਪਣੇ ਪਰਿਵਾਰ ਖ਼ਿਲਾਫ਼ ਬੋਲਣ 'ਤੇ ਮਜੀਠੀਆ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੈਲੰਜ ਕੀਤਾ ਕਿ ਉਹ ਸਾਬਤ ਕਰਨ ਕਿ ਉਨ੍ਹਾਂ ਦੇ ਦਾਦੇ ਨੇ ਜਨਰਲ ਡਾਇਰ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਸੀ। ਇਸ 'ਤੇ ਮਜੀਠੀਆ ਨੇ ਕਿਹਾ ਕਿ ਰੰਧਾਵਾ ਸਾਬਤ ਕਰਨ ਕਿ ਉਨ੍ਹਾਂ ਦੇ ਦਾਦੇ ਨੇ ਅਜਿਹਾ ਕੀਤਾ ਸੀ।
ਉੱਧਰ, ਰਾਜਪਾਲ ਦੇ ਭਾਸ਼ਣ 'ਤੇ ਬਹਿਸ ਮੌਕੇ ਮਜੀਠੀਆ ਨੇ ਦਾਅਵਾ ਕੀਤਾ ਕਿ ਸੁਖਜਿੰਦਰ ਰੰਧਾਵਾ ਦੇ ਪਿਤਾ ਨੇ ਹਰਿਮੰਦਰ ਸਾਹਿਬ 'ਤੇ ਫ਼ੌਜੀ ਕਾਰਵਾਈ ਮਗਰੋਂ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ। ਰੰਧਾਵਾ ਨੇ ਮਜੀਠੀਆ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪੰਜਾਬ ਵਿੱਚੋਂ ਅੱਤਵਾਦ ਖ਼ਤਮ ਕਰਨ ਬਾਰੇ ਗੱਲ ਕੀਤੀ ਸੀ।
ਇਸ ਤੋਂ ਪਹਿਲਾਂ ਅਕਾਲੀ-ਬੀਜੇਪੀ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ ਜਾਣ ਸਬੰਧੀ ਮਤਾ ਖਾਰਜ ਕਰਨ 'ਤੇ ਰੋਸ ਵਜੋਂ ਵਿਧਾਨ ਸਭਾ ਵਿੱਚੋਂ ਵਾਕਆਊਟ ਵੀ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਨੇ ਵੀ ਪੁਲਿਸ ਵੱਲੋਂ ਘੋਸ਼ਿਤ ਅਪਰਾਧੀਆਂ ਨੂੰ ਕਾਬੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵਾਕਆਊਟ ਕਰ ਦਿੱਤਾ।