ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੇ ਜਾਣ ਦੇ ਮਤੇ ਨੂੰ ਰੱਦ ਕਰਨ ਮਗਰੋਂ ਕਾਂਗਰਸ ਨੇ ਦੋਵਾਂ ਪਾਰਟੀਆਂ 'ਤੇ ਵੱਡਾ ਦੋਸ਼ ਲਾਇਆ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀਆਂ ਦੇ ਮਤੇ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਖ਼ਿਲਾਫ਼ ਦੱਸਿਆ।


ਸ਼੍ਰੋਮਣੀ ਅਕਾਲੀ ਦਲ ਦੇ ਵਾਕਆਊਟ ਤੇ ਬਿਆਨਬਾਜ਼ੀ ਖ਼ਿਲਾਫ ਵੱਡਾ ਬਿਆਨ ਦਿੰਦੇ ਹੋਏ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਕਰਤਾਰਪੁਰ ਲਾਂਘੇ ਨੂੰ ਨਾ ਖੁੱਲ੍ਹਣ ਦੇਣ ਲਈ ਹਰ ਕਿਸਮ ਦੀ ਸਾਜਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹਾਲਾਤ ਨਾਲ ਨਜਿੱਠਣ ਨੂੰ ਤਿਆਰ ਹੈ। ਸੁਖਜਿੰਦਰ ਰੰਧਾਵਾ ਨੇ ਸਰਕਾਰ ਵੱਲੋਂ ਸਟੈਂਡ ਲੈਂਦੇ ਹੋਏ ਕਿਹਾ ਕਿ ਸਮਾਂ ਮਤੇ ਪਾਸ ਕਰਨ ਦਾ ਨਹੀਂ ਧਾਵਾ ਬੋਲਣ ਦਾ ਹੈ।

ਇਹ ਵੀ ਪੜ੍ਹੋ- ਅਕਾਲੀਆਂ ਨੇ ਲਿਆਂਦਾ ਪਾਕਿਸਤਾਨ ਖ਼ਿਲਾਫ਼ ਮਤਾ, ਵਿਧਾਨ ਸਭਾ ਨੇ ਦਿੱਤਾ ਕੋਰਾ ਜਵਾਬ

ਰੰਧਾਵਾ ਨੇ ਨਵਜੋਤ ਸਿੱਧੂ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ਸਿੱਧੂ ਦੇ ਬਿਆਨ ਤੋਂ ਤਕਲੀਫ ਹੈ ਤਾਂ ਹਰਸਿਮਰਤ ਬਾਦਲ ਨੂੰ ਸਵਾਲ ਕਿਉਂ ਨਹੀਂ ਕੀਤਾ ਜਾਂਦਾ। ਰੰਧਾਵਾ ਨੇ ਕਿਹਾ ਕੇਂਦਰ ਸਰਕਾਰ ਨੂੰ ਹੁਣ ਫੈਸਲਾ ਲੈਣ ਦੀ ਜ਼ਰੂਰਤ ਹੈ ਨਾ ਸਿਰਫ਼ ਬਿਆਨਬਾਜ਼ੀ ਕੀਤੀ ਜਾਣੀ ਚਾਹੀਦੀ ਹੈ।