ਚੰਡੀਗੜ੍ਹ: ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਅੰਮ੍ਰਿਤਧਾਰੀ ਕਾਂਗਰਸੀ ਵਰਕਰ ਦੀ ਪੱਗ ਲਾਉਣ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਚਿਤਾਵਨੀ ਵੀ ਦਿੱਤੀ ਹੈ ਕਿ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਸਤਾਰ ਤੇ ਕਕਾਰਾਂ ਦੀ ਬੇਅਦਬੀ ਕਰਨ ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਕੀਤਾ ਜਾਏਗਾ।

ਮਜੀਠੀਆ ਦੇ ਐਲਾਨ ਮਗਰੋਂ ਹਲਕਾ ਦਾਖਾ ’ਚ ਕਾਂਗਰਸ ਮੁੱਖ ਚੋਣ ਦਫ਼ਤਰ ਨੇੜੇ ਅੰਮ੍ਰਿਤਧਾਰੀ ਕਾਂਗਰਸੀ ਵਰਕਰ ਨਾਲ ਹੋਈ ਕੁੱਟਮਾਰ ਦਾ ਮਾਮਲਾ ਹੋਰ ਭਖ ਗਿਆ ਹੈ। ਇਸ ਕੁੱਟਮਾਰ ਵਿੱਚ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਆ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਦਸਤਾਰ ਤੇ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਇਸ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਲੈ ਜਾਣ ਦਾ ਐਲਾਨ ਕੀਤਾ। ਦਿਲਚਸਪ ਹੈ ਕਿ ਮੰਗਲਵਾਰ ਨੂੰ ਮਜੀਠੀਆ ਨੇ ਜਦੋਂ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਨ੍ਹਾਂ ਨਾਲ ਪੀੜਤ ਨੌਜਵਾਨ ਦਾ ਸਾਥੀ ਤਰਨਦੀਪ ਸਿੰਘ ਵੀ ਸ਼ਾਮਲ ਹੋਇਆ। ਉਸ ਨੇ ਕਾਂਗਰਸੀ ਮੰਤਰੀ ਖ਼ਿਲਾਫ਼ ਗੰਭੀਰ ਦੋਸ਼ ਵੀ ਲਾਏ। ਉਸ ਨੇ ਦਾਅਵਾ ਕੀਤਾ ਕਿ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਉਨ੍ਹਾਂ ਦੋਵਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਕਾਂਗਰਸ ਦਫ਼ਤਰ ਲੈ ਕੇ ਆਏ ਸਨ ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।

ਇਸ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਲੀਡਰ ਗੋਰਾ ਤੇ ਤਰਨਦੀਪ ਸਿੰਘ ਖ਼ਿਲਾਫ਼ ਲੁੱਟਖੋਹ ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਹੈ। ਤਰਨਦੀਪ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਦਾ ਸੱਚਾ ਸਿਪਾਹੀ ਹੈ ਪਰ ਉਸ ਨੂੰ ਕਾਂਗਰਸ ਦੇ ਸੀਨੀਅਰ ਲੀਡਰ ਤੇ ਕੁਝ ਬਦਮਾਸ਼ ਧਮਕੀਆਂ ਦੇ ਰਹੇ ਹਨ ਕਿ ਉਹ ਮੰਤਰੀ ਆਸ਼ੂ ਨਾਲ ਸਮਝੌਤਾ ਕਰ ਲਵੇ। ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਹਾਲੇ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਇਆ ਤੇ ਉਸ ਨੇ ਸਿਰਫ਼ ਮਦਦ ਮੰਗੀ ਹੈ।