ਅੰਮ੍ਰਿਤਸਰ: ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਬਿਹਾਰ ‘ਚ ਇੱਕ ਫਿਰਕੇ ਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਉਕਸਾਉਣ ਦੇ ਇਲਜ਼ਾਮ ਲੱਗੇ ਹਨ। ਇਸ ਬਿਆਨ ‘ਤੇ ਸਿੱਧੂ ਖਿਲਾਫ ਚੋਣ ਕਮਿਸ਼ਨ ਅੱਗੇ ਸ਼ਿਕਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਹੁਣ ਬਿਕਰਮ ਮਜੀਠੀਆ ਨੇ ਵੀ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਦੀ ਪੁਰਾਣੀ ਨੀਤੀ ਹੈ ਕਿ ਉਹ ਲੋਕਾਂ ਨੂੰ ਮਜ਼ਹਬ ਦੇ ਨਾਂ ‘ਤੇ ਵੰਡ ਸਿਆਸੀ ਲਾਹਾ ਲੈਂਦੇ ਹਨ।


ਮਜੀਠੀਆ ਨੇ ਕਾਂਗਰਸ ਨੂੰ ਕਾਲਾ ਅੰਗਰੇਜ਼ ਕਿਹਾ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਦੀ ਸੋਚ ‘ਤੇ ਕੰਮ ਕਰ ਰਹੀ ਜਿਸ ਨੇ ਸ਼੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਸੀ। ਮਜੀਠੀਆ ਨੇ ਕਿਹਾ ਪੰਜਾਬ ‘ਚ ਮੌਸਮ ਦੇ ਬਦਲੇ ਮਿਜ਼ਾਜ਼ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਸੂਬਾ ਸਰਕਾਰ ਨੂੰ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨੀ ਚਾਹੀਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਕਿਸਾਨਾਂ ਦਾ ਤੀਜੀ ਵਾਰ ਨੁਕਸਾਨ ਹੋ ਗਿਆ ਹੈ। ਅਜੇ ਕਿਸਾਨਾਂ ਦਾ 2017 ਦਾ ਮੁਆਵਜ਼ਾ ਬਕਾਇਆ ਹੈ। ਇਸ ਕਰਕੇ ਕਾਂਗਰਸ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਆਸ ਨਹੀਂ ਤੇ ਜੇਕਰ ਸਰਕਾਰ ਨੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਆਉਣ ਵਾਲੀਆਂ ਚੋਣਾਂ ਵਿੱਚ ਕਰਨਾ ਪਵੇਗਾ।

ਰਾਜਾ ਵੜਿੰਗ ਵੱਲੋਂ ਇਹ ਬਿਆਨ ਦੇਣ ਕਿ ਸ਼ਮਸ਼ਾਨ ਘਾਟ ਇੰਨੇ ਵਧੀਆ ਬਣਾ ਦਿੱਤੇ ਜਾਣਗੇ ਕਿ 80 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦਾ ਖੁਦ ਮਰਨ ਨੂੰ ਦਿਲ ਕਰੇਗਾ। ਇਸ ਬਾਰੇ ਮਜੀਠੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੇਣ ਵਾਲੇ ਨੇਤਾਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਘਟੀਆ ਬਿਆਨ ਦੇ ਰਹੇ ਰਾਜਾ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ।