Amritsar News: ਪੰਜਾਬ ਦੇ ਅੰਮ੍ਰਿਤਸਰ 'ਚ ਇਸਲਾਮਾਬਾਦ ਚੌਕੀ 'ਤੇ ਮੰਗਲਵਾਰ ਸਵੇਰੇ 3.15 ਵਜੇ ਧਮਾਕਾ ਹੋਇਆ। ਇਸ ਮਗਰੋਂ ਪੁਲਿਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਗ੍ਰਨੇਡ ਹਮਲਾ ਹੋਇਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ’ਮੁਸਤੈਦੀ’ ਵੇਖ ਲਓ। ਉਹ ਇਸ ਗੱਲ ਦਾ ਖੰਡਨ ਕਰ ਰਹੇ ਹੈ ਕਿ ਗ੍ਰਨੇਡ ਹਮਲਾ ਹੋਇਆ।
ਮਜੀਠੀਆ ਨੇ ਕਿਹਾ ਕਿ ਹਮਲੇ ਕਾਰਨ ਥਾਣੇ ਦੇ ਆਲੇ ਦੁਆਲੇ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਵੀ ਬੱਬਰ ਖਾਲਸਾ ਨੇ ਲਈ ਹੈ। ਇਹ ਪਿਛਲੇ ਸਮੇਂ ਵਿਚ ਪੁਲਿਸ ਥਾਣਿਆਂ ’ਤੇ ਹੋਇਆ ਸਤਵਾਂ ਹਮਲਾ ਹੈ।
ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਜੀਠਾ ਪੁਲਿਸ ਥਾਣੇ, ਅਜਨਾਲਾ ਪੁਲਿਸ ਥਾਣੇ ਵਿਚ ਵੀ ਹਮਲੇ ਹੋ ਚੁੱਕੇ ਹਨ। ਕਿੰਨੀ ਕੁ ਵਾਰ ਭੁੱਲਰ ਸਾਬ ਇਹ ਆਖਣਗੇ ਕਿ ਮੋਟਰ ਸਾਈਕਲ ਦਾ ਟਾਇਰ ਫਟਿਆ ਹੈ ? ਭੁੱਲਰ ਸਾਬ੍ਹ ਹਰ ਹਮਲੇ ਦਾ ਖੰਡਨ ਕਰਨਾ ਤੇ ਆਪਣੀ ’ਮੁਸਤੈਦੀ’ ਦੀ ਪਿੱਠ ਥਾਪੜਨੀ ਤੁਹਾਡੀ ਆਦਤ ਬਣ ਗਈ ਹੈ।
ਮਜੀਠੀਆ ਨੇ ਲਿਖਿਆ, ਪੰਜਾਬ ਨੂੰ ਇਹ ’ਮੁਸਤੈਦੀ’ ਬਹੁਤ ਮਹਿੰਗੀ ਪੈ ਰਹੀ ਹੈ। ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਸਾਬ ਜੀ ਹੋਰ ਕਿੰਨੀ ਦੇਰ ਤੱਕ ਸੁੱਤੇ ਰਹੋਗੇ ? ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਤੁਸੀਂ। ਕਾਨੂੰਨ ਵਿਵਸਥਾ ਮੁਕੰਮਲ ਢਹਿ ਢੇਰੀ ਹੋ ਗਈ ਹੈ। ਪੁਲਿਸ ਹੀ ਹੁਣ ਅਤਿਵਾਦੀ/ਗੈਂਗਸਟਰ ਹਮਲਿਆਂ ਦਾ ਸ਼ਿਕਾਰ ਹੋ ਰਹੀ ਹੈ। ਪੰਜਾਬ ਦਾ ਰੱਬ ਹੀ ਰਾਖਾ
ਇਸ ਤੋਂ ਪਹਿਲਾਂ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਹੀ ਮਜੀਠਾ ਥਾਣੇ ਵਿੱਚ ਧਮਾਕਾ ਹੋਇਆ ਸੀ। ਇਸ ਕਾਰਨ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਫਿਰ ਥਾਣੇ 'ਚ ਹੈਂਡ ਗ੍ਰੇਨੇਡ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਕਿਸੇ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।