CM Bhagwant Maan: ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਫੇਰੀ ਕਿਹਾ ਕਿ ਜਹਾਜ਼ ਚੜਨ ਵੇਲੇ ਸੀਐਮ ਕੋਲੋਂ ਵੱਧ ਖਾਧਾ-ਪੀਤਾ ਗਿਆ। ਇਸ ਕਰਕੇ ਉਨ੍ਹਾਂ ਨੂੰ ਡੀਪਲੇਨ ਕਰ ਦਿੱਤਾ ਗਿਆ। ਮਜੀਠੀਆ ਨੇ ਕਿਹਾ ਕਿ ਇਸੇ ਕਰਕੇ ਉਹ ਵੇਲੇ ਸਿਰ ਦੇਸ਼ ਪੁੱਜ ਨਹੀਂ ਸਕੇ ਜੋ ਨਮੋਸ਼ੀ ਦੀ ਗੱਲ ਹੈ ਕਿਉਂਕਿ ਸੀਐਮ ਦਾ ਸਾਰੇ ਸਟਾਫ ਦਾ ਸਾਮਾਨ ਵੀ ਏਅਰਪੋਰਟ 'ਤੇ ਉਤਾਰਣਾ ਪਿਆ।
ਇਹ ਵੀ ਪੜ੍ਹੋ:ਆਪ 'ਚ All is not well, ਹਰਪਾਲ ਚੀਮਾ ਦੇ ਬਿਆਨਾਂ ਤੋਂ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ : ਮਜੀਠੀਆ
ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਜਰਮਨੀ ਫੇਰੀ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਵਾਇਆ ਹੈ ਕਿਉਂਕਿ ਪਹਿਲਾਂ ਬੀਐਮਡਬਲਿਊ ਨੇ ਪੰਜਾਬ 'ਚ ਨਿਵੇਸ਼ ਕਰਨ ਤੋਂ ਸਾਫ ਮਨਾ ਕਰ ਦਿੱਤਾ। ਹੁਣ ਜਰਮਨੀ ਏਅਰਪੋਰਟ 'ਤੇ ਹੰਗਾਮੇ ਦੀ ਚਰਚਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸੱਦੇ ਗਏ ਕੌਮੀ ਇਜਲਾਸ 'ਤੇ ਸੀਐਮ ਭਗਵੰਤ ਮਾਨ ਦਾ ਨਾ ਪੁੱਜਣਾ, ਸਾਫ ਸੰਕੇਤ ਹੈ ਕਿ ਕੋਈ ਗੜਬੜ ਤਾਂ ਹੋਈ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਤੋਂ ਵਾਪਸੀ ’ਚ 24 ਘੰਟੇ ਦੀ ਦੇਰੀ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਕਰਵਾਏ ਕੌਮੀ ਸੰਮੇਲਨ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ’ਤੇ ਸ਼ਾਮਲ ਹੋਣ ਹੋਣ ਦੀ ਬਜਾਏ ਵੀਡੀਓ ਕਾਲ ਰਾਹੀਂ ਹਾਜ਼ਰੀ ਭਰੀ ਹੈ। ਇਸ ਮਗਰੋਂ ਵਿਰੋਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਉਧਰ, ਇਸ ਸਬੰਧੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਤਬੀਅਤ ਨਾਸਾਜ਼ ਹੋਣ ਕਾਰਨ ਉਨ੍ਹਾਂ ਨੇ ਇੱਕ ਦਿਨ ਦੇਰੀ ਨਾਲ ਦੇਸ਼ ਵਾਪਸ ਪਰਤਣ ਦਾ ਫ਼ੈਸਲਾ ਕੀਤਾ ਹੈ।
ਦਰਅਸਲ ਜਦੋਂ ਭਾਜਪਾ ਵੱਲੋਂ ਕਥਿਤ ਦਿੱਲੀ ਤੋਂ ਬਾਅਦ ਪੰਜਾਬ ’ਚ ‘ਆਪ’ ਦੀ ਸਰਕਾਰ ਡੇਗਣ ਲਈ ਵਿਧਾਇਕਾਂ ਨੂੰ ਖਰੀਦਣ ਵਾਸਤੇ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਚੁਣੇ ਹੋਏ ਪ੍ਰਤੀਨਿਧਾਂ ਤੇ ਸੀਨੀਅਰ ਆਗੂਆਂ ਲਈ ਦਿੱਲੀ ਵਿਚ ਕੌਮੀ ਸੰਮੇਲਨ ਸੱਦਿਆ ਸੀ।
ਐਤਵਾਰ ਨੂੰ ਦਿੱਲੀ ’ਚ ਹੋਏ ਸੰਮੇਲਨ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਤੇ ਹੋਰ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਹੋਏ ਸਨ, ਪਰ ਦਿੱਲੀ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਤੌਰ ’ਤੇ ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਨੇ ਜਰਮਨੀ ਤੋਂ ਵੀਡੀਓ ਕਾਲ ਰਾਹੀਂ ਪਾਰਟੀ ਆਗੂਆਂ ਨੂੰ ਸੰਬੋਧਨ ਕੀਤਾ। ਪਾਰਟੀ ਦੇ ਕੌਮੀ ਸੰਮੇਲਨ ਵਿੱਚ ਭਗਵੰਤ ਮਾਨ ਦੀ ਗੈਰ-ਹਾਜ਼ਰੀ ਤੇ ਮੰਚ ’ਤੇ ਹੋਰਨਾਂ ਕੈਬਨਿਟ ਮੰਤਰੀਆਂ ਨੂੰ ਵਿਸ਼ੇਸ਼ ਥਾਂ ਮਿਲਣ ਕਾਰਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।