Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾਅਵਾ ਕਰਦੇ ਸੀ ਕਿ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਆ ਜਾਣਗੇ। ਹੁਣ ਦੱਸੋ ਇਸ ਦਾ ਕੀ ਬਣਿਆ। ਉਨ੍ਹਾਂ ਕਿਹਾ ਕਿ 34 ਹਜ਼ਾਰ ਕਰੋੜ ਭ੍ਰਿਸ਼ਟਾਚਾਰ ਖਤਮ ਕਰਕੇ ਆਉਣ ਦਾ ਦਾਅਵਾ ਕੀਤਾ ਸੀ। ਮਜੀਠੀਆ ਨੇ ਕਿਹਾ ਕਿ ਆਏ ਦਿਨ ਫਜ਼ੂਲ ਖਰਚਾ ਕਰਕੇ ਪੰਜਾਬ ਉੱਪਰ ਕਰਜ਼ੇ ਦਾ ਬੋਝ ਵਧਾਇਆ ਜਾ ਰਿਹਾ ਹੈ। 


ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਹੈ ਕਿ....
ਸ੍ਰੀਮਾਨ ਭਗਵੰਤ ਮਾਨ ਸਾਬ ਜੀਓ❗️
👉ਪੰਜਾਬ ਸਿਰ ਕਰਜ਼ਾ ਚੜ੍ਹਾਉਣ ਦੀ ਥਾਂ ਜਿਹੜੀਆਂ ਤੁਹਾਡੇ ਆਕਾ ਲਾਲਾ ਜੀ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼, ਛਤੀਸਗੜ੍ਹ ਤੇ ਰਾਜਸਥਾਨ ’ਚ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ, ਉਹਨਾਂ ਤੋਂ ਮੰਗੋ ਸਪੈਸ਼ਲ ਜੈਟ ਦੇ ਕਿਰਾਏ ਦਾ ਪੈਸਾ ਤੇ ਇਸ਼ਤਿਹਾਰਬਾਜ਼ੀ ’ਤੇ ਖਰਚ ਹੋਏ ਪੰਜਾਬ ਦੇ ਸੈਂਕੜੇ ਕਰੋੜਾਂ ਰੁਪਏ....ਪੰਜਾਬ ਨੂੰ ਕੀ ਮਿਲਿਆ ਸੈਂਕੜੇ ਕਰੋੜਾਂ ਰੁਪਏ ਫੋਕੀ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ’ਤੇ ਫੂਕ ਕੇ...
👉ਕੇਜਰੀਵਾਲ ਤਾਂ ਕਹਿੰਦੇ ਸੀ 20 ਹਜ਼ਾਰ ਕਰੋੜ ਰੁਪਏ ਮਾਇਨਿੰਗ ਤੋਂ ਆ ਜਾਣਗੇ...ਆ ਗਏ ? 
👉34 ਹਜ਼ਾਰ ਕਰੋੜ ਭ੍ਰਿਸ਼ਟਾਚਾਰ ਖਤਮ ਕਰਕੇ ਆਉਣੇ ਸੀ ਉਹ ਕਿੱਥੇ ??  
ਆਏ ਦਿਨ ਫਜ਼ੂਲ ਖਰਚਾ ਕਰਕੇ ਪੰਜਾਬ ਤੇ ਕਰਜ਼ਾ ਦਾ ਬੋਝ ਵਧਾ  ਰਹੇ ਹੋ। 
ਸ਼ਰਮ ਕਰੋ !





 


ਦੱਸ ਦਈਏ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਤਿੰਨੇ ਸੂਬਿਆਂ ਨਤੀਜਿਆਂ ਅਨੁਸਾਰ ਮੱਧ ਪ੍ਰਦੇਸ਼ ਵਿੱਚ ‘ਆਪ’ ਨੂੰ 0.51 ਫ਼ੀਸਦ ਵੋਟਾਂ ਪਈਆਂ, ਜਦਕਿ ਨੋਟਾ ਨੂੰ 0.98 ਫ਼ੀਸਦ ਵੋਟ ਪਈ। ਛੱਤੀਸਗੜ੍ਹ ਵਿੱਚ ‘ਆਪ’ ਨੂੰ 0.93 ਫ਼ੀਸਦ ਤੇ ਨੋਟਾ ਨੂੰ 1.26 ਫ਼ੀਸਦ ਤੇ ਰਾਜਸਥਾਨ ਵਿੱਚ ‘ਆਪ’ ਨੂੰ 0.38 ਫ਼ੀਸਦ ਤੇ ਨੋਟਾ ਨੂੰ 0.96 ਫ਼ੀਸਦ ਵੋਟਾਂ ਪਈਆਂ। 


ਸਿਆਸੀ ਮਾਹਿਰਾਂ ਅਨੁਸਾਰ ਤਿੰਨੇ ਸੂਬਿਆਂ ਵਿੱਚ ‘ਆਪ’ ਦੇ ਪੱਲੇ ਕੁਝ ਨਾ ਪੈਣ ਦਾ ਮੁੱਖ ਕਾਰਨ ਦਿੱਲੀ ਤੇ ਪੰਜਾਬ ਤੋਂ ਇਲਾਵਾ ‘ਆਪ’ ਦਾ ਹੋਰਨਾਂ ਸੂਬਿਆਂ ਵਿੱਚ ਕਾਡਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਰਜਨਾਂ ਚੋਣ ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ ਪੰਜਾਬ ਤੇ ਦਿੱਲੀ ਦੇ ਕਈ ਕੈਬਨਿਟ ਮੰਤਰੀਆਂ ਤੇ ਦਰਜਨਾਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ ਪਰ ਇਸ ਦਾ ਸਿਲਾ ਕੁਝ ਨਾ ਨਿਕਲ ਸਕਿਆ। ‘ਆਪ’ ਦੀ ਤਿੰਨੋਂ ਸੂਬਿਆਂ ਵਿੱਚ ਹੋਈ ਕਰਾਰੀ ਹਾਰ ਦਾ ਅਸਰ ਆਗਾਮੀ ਲੋਕ ਸਭਾ ਚੋਣਾਂ ’ਤੇ ਵੀ ਪੈ ਸਕਦਾ ਹੈ।