ਨਵੀਂ ਦਿੱਲੀ: ਨਸ਼ਾ ਤਸਕਰੀ ਕੇਸ ਵਿੱਚ ਜੇਲ੍ਹ ਅੰਦਰ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਅੱਜ ਵੀ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਹੁਣ ਸਰਬ ਉੱਚ ਅਦਾਲਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੀ ਪਟੀਸ਼ਨ 'ਤੇ 21 ਅਪ੍ਰੈਲ ਨੂੰ ਸੁਣਵਾਈ ਕਰੇਗੀ।
ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵੀ ਗਿਰੀ ਨੇ ਇਸ ਮਾਮਲੇ ਦੀ ਅਗਲੇ ਸੋਮਵਾਰ ਸੁਣਵਾਈ ਕਰਨ ਦੀ ਬੇਨਤੀ ਕੀਤੀ। ਉਧਰ, ਮਜੀਠੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਪੁੱਛਿਆ ਕਿ ਕੀ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋ ਸਕਦੀ ਹੈ।
ਸਿੱਬਲ ਨੇ ਕਿਹਾ ਕਿ ਮੇਰਾ ਮੁਵੱਕਿਲ ਲੰਬੇ ਸਮੇਂ ਤੋਂ ਹਿਰਾਸਤ ਵਿੱਚ ਹੈ। ਇਸ ਲਈ ਜਲਦੀ ਸੁਣਵਾਈ ਕੀਤੀ ਜਾਵੇ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੁਪਰੀਮ ਕੋਰਟ ਨੇ ਕਿਹਾ ਕਿ 21 ਅਪ੍ਰੈਲ ਨੂੰ ਸੁਣਵਾਈ ਕੀਤੀ ਜਾਵੇਗੀ।
ਜੇਲ੍ਹ ਅੰਦਰ ਜਾਨ ਨੂੰ ਖਤਰਾ
ਦੱਸ ਦਈਏ ਕਿ ਡਰੱਗਜ਼ ਮਾਮਲੇ 'ਚ ਫਸੇ ਬਿਕਰਮ ਮਜੀਠੀਆ ਨੇ ਖੁਦ ਦਾਅਵਾ ਕੀਤਾ ਸੀ ਕਿ ਪਟਿਆਲਾ ਸੈਂਟਰਲ ਜੇਲ੍ਹ 'ਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਸਬੰਧੀ ਉਨ੍ਹਾਂ ਮੁਹਾਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਤੋਂ ਜਵਾਬ ਤਲਬ ਕੀਤਾ ਸੀ।
ਮਜੀਠੀਆ ਨੇ ਅਦਾਲਤ ਨੂੰ ਦੱਸਿਆ ਸੀ ਕਿ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਸਭ ਠੀਕ ਨਹੀਂ। ਉਨ੍ਹਾਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਐਫ) ਵਰਗੀਆਂ ਜਥੇਬੰਦੀਆਂ ਤੋਂ ਇਲਾਵਾ ਗੈਂਗਸਟਰਾਂ ਤੋਂ ਜਾਨ ਦੇ ਖਤਰੇ ਦਾ ਹਵਾਲਾ ਦਿੱਤਾ ਸੀ।
ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹ ਮੰਤਰੀ ਹਰਜੋਤ ਬੈਂਸ ਦੀ ਫੇਰੀ ਤੋਂ ਬਾਅਦ ਉਨ੍ਹਾਂ ਨੂੰ ਜਨਰਲ ਬੈਰਕ ਵਿੱਚ ਡੱਕ ਦਿੱਤਾ ਗਿਆ। ਜਿੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇੰਟੈਲੀਜੈਂਸ ਨੇ ਇਸ ਸਬੰਧੀ ਰਿਪੋਰਟ ਵੀ ਦਿੱਤੀ ਹੈ। ਉਨ੍ਹਾਂ ਨੂੰ ਵਾਪਸ ਵੱਖਰੀ ਬੈਰਕ ਵਿੱਚ ਰੱਖਣ ਦੀ ਮੰਗ ਕੀਤੀ ਹੈ।