ਮਾਨਸਾ: ਮਾਨਸਾ ਤੇ ਝੁਨੀਰ ਵਿੱਚ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਨੌਜਵਾਨ ਵਰਕਰਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਣ ਦੀ ਅਪੀਲ ਕੀਤੀ। ਇਸ ਵਿੱਚ ਨੌਜਵਾਨਾਂ ਦੇ ਸਰਪ੍ਰਸਤ ਬਿਕਰਮ ਮਜੀਠੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਰਗੀਆਂ ਸਾਰੀਆਂ ਪਾਰਟੀਆਂ ਕਾਂਗਰਸ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀਆਂ ਹਨ। ਕਾਂਗਰਸ ਦਾ ਨਿਸ਼ਾਨਾ ਹੈ ਕਿ ਜੋ ਮਜ਼ਦੂਰ ਵਪਾਰੀ ਕਿਸਾਨ ਕਾਂਗਰਸ ਤੋਂ ਨਾਰਾਜ਼ ਚੱਲ ਰਿਹਾ ਹੈ, ਉਹ ਕਿਤੇ ਅਕਾਲੀ-ਬੀਜੇਪੀ ਦੇ ਖ਼ਾਤੇ ਨਾ ਚਲਾ ਜਾਏ। ਇਸ ਲਈ ਕਾਂਗਰਸ ਭਵਨ ਤੋਂ ਦੂਜੀਆਂ ਪਾਰਟੀਆਂ ਨੂੰ ਫਾਈਨਾਂਸ ਕੀਤਾ ਜਾ ਰਿਹਾ ਹੈ।
ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਕਾਂਗਰਸ ਤੋਂ ਨਾਰਾਜ਼ ਹੈ। ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਕਾਂਗਰਸ ਹਰ ਤਰ੍ਹਾਂ ਦੇ ਨਵੇਂ-ਨਵੇਂ ਹਥਕੰਡੇ ਅਪਣਾ ਰਹੀ ਹੈ। ਅੱਜ ਭਗਵੰਤ ਮਾਨ ਵੱਲੋਂ 'ਆਪ' ਖ਼ਤਮ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ 'ਆਪ' ਵਾਂਗ ਸਾਰੀਆਂ ਪਾਰਟੀਆਂ ਰਾਹੁਲ ਗਾਂਧੀ ਦੇ ਇਸ਼ਾਰਿਆਂ 'ਤੇ ਚੱਲ ਰਹੀਆਂ ਹਨ।
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਏਮਜ਼ ਦੇ ਮਾਮਲੇ ਵਿੱਚ ਝੂਠ ਬੋਲਣ 'ਤੇ ਮਜੀਠੀਆ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਇਹ ਦੱਸਣ ਕਿ ਏਮਜ਼ 3 ਸਾਲ ਲੇਟ ਕਿਉਂ ਹੋਇਆ। ਇਸ ਨਾਲ ਹਰ ਗਰੀਬ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਸਰਕਾਰ ਏਮਜ਼ ਬਣਨ ਵਿੱਚ ਅੜਿੱਕੇ ਡਾਹ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਸਿਮਰਤ ਦੀਆਂ ਕੋਸ਼ਿਸ਼ਾਂ ਕਰਕੇ ਏਮਜ਼ ਦਾ 50 ਡਾਕਟਰਾਂ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ।