ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 15 ਸਾਲ ਬਾਅਦ ਫਿਰ ਤੋਂ ਕੇਂਦਰ ਦੀ ਸਿਆਸਤ ਵਿੱਚ ਕਦਮ ਰੱਖਣ ਦੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਸੀਟ ਤੋਂ ਇਸ ਵਾਰ ਸੁਖਬੀਰ ਦਾ ਚੋਣ ਲੜਨਾ ਤੈਅ ਹੈ। ਪਿਛਲੇ 12 ਸਾਲਾਂ ਤੋਂ ਇਹ ਸੀਟ ਅਕਾਲੀਆਂ ਦੇ ਕਬਜ਼ੇ ਵਿੱਚ ਰਹੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਫਿਰੋਜ਼ਪੁਰ ਸੀਟ ਤੋਂ ਚੋਣ ਲੜਨ ਦੇ ਕਿਆਸ ਲਾਏ ਜਾ ਰਹੇ ਸੀ। ਹੁਣ ਚਰਚਾ ਹੈ ਕਿ ਵਰਕਰਾਂ ਦਾ ਮਨੋਬਲ ਵਧਾਉਣ ਲਈ ਦੋਵੇਂ ਪਤੀ-ਪਤਨੀ ਮੈਦਾਨ ਵਿੱਚ ਨਿੱਤਰਨਗੇ। ਹਰਸਿਮਰਤ ਬਾਦਲ ਆਪਣੇ ਹਲਕੇ ਬਠਿੰਡਾ ਤੇ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਮੈਦਾਨ ਵਿੱਚ ਨਿੱਤਰਣਗੇ।
ਚਰਚਾ ਹੈ ਕਿ ਪੰਜਾਬ ਵਿੱਚ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮੁੱਦੇ 'ਤੇ ਸਿਆਸੀ ਦਲਾਂ ਦੀ ਨਿਸ਼ਾਨੇ 'ਤੇ ਰਹੇ ਅਕਾਲੀ ਵਰਕਰਾਂ ਦਾ ਮਨੋਬਲ ਚੁੱਕਣ ਲਈ ਖ਼ੁਦ ਪਾਰਟੀ ਪ੍ਰਧਾਨ ਦਾ ਅੱਗੇ ਆਉਣਾ ਜ਼ਰੂਰੀ ਹੋ ਗਿਆ ਸੀ। ਬਾਦਲ ਪਰਿਵਾਰ ਦੇ ਲੋਕ ਸਭਾ ਚੋਣ ਲੜਨ ਤੋਂ ਪਹਿਲਾਂ ਸੀਟ ਦਾ ਗਣਿਤ ਖ਼ੁਦ ਵੱਡੇ ਬਾਦਲ ਤੈਅ ਕਰਦੇ ਹਨ।
1996 ਵਿੱਚ ਜਦੋਂ ਸੁਖਬੀਰ ਬਾਦਲ ਕੇਂਦਰੀ ਸਿਆਸਤ ਵਿੱਚ ਉਤਾਰੇ ਤਾਂ ਉਨ੍ਹਾਂ ਲਈ ਫਰੀਦਕੋਟ ਸੀਟ ਚੁਣੀ ਗਈ ਕਿਉਂਕਿ ਉਸ ਵਿੱਚ ਗਿੱਦੜਬਾਹਾ ਵਿਧਾਨ ਸਭਾ ਹਲਕਾ ਸ਼ਾਮਲ ਸੀ। 1995 ਤੋਂ ਪਹਿਲਾਂ ਖ਼ੁਦ ਵੱਡੇ ਬਾਦਲ ਚੋਣ ਲੜਦੇ ਰਹੇ ਹਨ। ਇਸ ਲਈ 1996, 1998 ਤੇ 2004 ਵਿੱਚ ਸੁਖਬੀਰ ਨੇ ਲੋਕ ਸਭਾ ਚੋਣਾਂ ਜਿੱਤੀਆਂ। 2009 ਵਿੱਚ ਬਾਦਲ ਪਰਿਵਾਰ ਨੇ ਫਰੀਦਕੋਟ ਛੱਡ ਬਠਿੰਡਾ ਨੂੰ ਚੁਣ ਲਿਆ ਸੀ।
ਇਹ ਵੀ ਪੜ੍ਹੋ- ਪਾਰਟੀ ਦੀ ਪਿੱਠ 'ਤੇ ਵਾਰ ਕਰਨ ਵਾਲੇ 'ਟਕਸਾਲੀ' ਨਹੀਂ, 'ਜਾਅਲੀ' ਹਨ- ਸੁਖਬੀਰ ਬਾਦਲ
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੀ 'ਛੁਰਲੀ' ਨੇ ਕਾਂਗਰਸ 'ਚ ਛੇੜੀ ਨਵੀਂ ਚਰਚਾ!