ਚੰਡੀਗੜ੍ਹ: ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਚਾਰ ਉਮੀਦਵਾਰ ਤੈਅ ਕਰ ਲਏ ਹਨ। ਹੁਣ ਬੱਸ ਹਾਈਕਮਾਨ ਤੋਂ ਇਨ੍ਹਾਂ ਦੇ ਨਾਵਾਂ 'ਤੇ ਮੋਹਰ ਲੱਗਣੀ ਬਾਕੀ ਹੈ। ਇਨ੍ਹਾਂ ਵਿੱਚ ਗੁਰਦਾਸਪੁਰ ਤੋਂ ਸੁਨੀਲ ਜਾਖੜ, ਲੁਧਿਆਣਾ ਤੋਂ ਰਵਨੀਤ ਬਿੱਟੂ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਤੇ ਪਟਿਆਲਾ ਤੋਂ ਪ੍ਰਨੀਤ ਕੌਰ ਦੇ ਨਾਂ ਸ਼ਾਮਲ ਹਨ। ਇਨ੍ਹਾਂ ਉਮੀਦਵਾਰਾਂ ਨੇ ਸਰਗਰਮੀ ਵੀ ਤੇਜ਼ ਕਰ ਦਿੱਤੀ ਹੈ।

ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਉਮੀਦਵਾਰਾਂ ਦੀ ਚਰਚਾ ਹੋਈ। ਇਸ ਦੌਰਾਨ ਚਾਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਤਿੰਨ ਹਲਕਿਆਂ ਦਾ ਮਾਮਲਾ ਟਾਲ ਦਿੱਤਾ ਗਿਆ। ਤਿੰਨ ਹਲਕਿਆਂ ਬਾਰੇ ਫ਼ੈਸਲਾ ਇਸ ਗੱਲ ’ਤੇ ਅਟਕ ਗਿਆ ਕਿ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਾਉਣੀਆਂ ਹਨ ਜਾਂ ਨਹੀਂ।

ਕਾਂਗਰਸ ਦੇ ਸੂਤਰਾਂ ਮੁਤਾਬਕ 10 ਲੋਕ ਸਭਾ ਹਲਕਿਆਂ ਦਾ ਮਾਮਲਾ ਦੋ ਅਪਰੈਲ ਨੂੰ ਦਿੱਲੀ ’ਚ ਹੋ ਰਹੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਇਸ ਦੌਰਾਨ ਛੇ ਜਾਂ ਸੱਤ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।