Bikram Majithia: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਪ ਵੱਲੋਂ ਕੀਤੇ ਗਏ ਪ੍ਰਦਰਸ਼ਨ ਉੱਤੇ ਬਿਕਰਮ ਸਿੰਘ ਮਜੀਠੀਆ ਨੇ ਤੰਜ ਸਕਿਆ ਹੈ। ਮਜੀਠੀਆ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਕੀਤੇ ਗਏ ਪ੍ਰਦਰਸ਼ਨ ਦਾ ਮਜ਼ਾਕ ਉਡਾਦਿਆ ਕਿਹਾ ਕਿ ਇਸ ਪ੍ਰਦਰਸ਼ਨ ਨੂੰ ਗਿਨੀਜ ਬੁੱਕ ਆਫ਼ ਇੰਡੀਆ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ।


ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਵੀਡੀਓ ਸ਼ਾਮਲ ਹੈ। ਇਸ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੇ ਸਾਥੀਆਂ ਨਾਲ ਪ੍ਰਦਰਸ਼ਨ ਕਰਨ ਲੱਗਦੇ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਧੱਕੇ ਨਾਲ ਉੱਥੋਂ ਹਟਾ ਦਿੱਤਾ ਜਾਂਦਾ ਹੈ। ਪੋਸਟ ਉੱਤੇ ਮਜੀਠੀਆ ਨੇ ਲਿਖਿਆ, ਦੁਨੀਆ ਦਾ ਸਭ ਤੋਂ ਛੋਟਾ ਪ੍ਰਦਰਸ਼ਨ, ਗਿਨੀਜ ਬੁੱਕ ਆਫ ਰਿਕਾਰਡ ਦਾ ਹੱਕਦਾਰ ਸਾਡਾ ਬੱਗੂ ਗੋਸ਼ਾ...


ਦਰਅਸਲ ਮਜੀਠੀਆ ਨੇ ਵੀਡੀਓ  ਸਾਂਝੀ ਕੀਤੀ ਹੈ ਉਹ ਇੱਕ ਮੀਮ ਹੈ ਜਿਸ ਵਿੱਚ ਹਰਜੋਤ ਬੈਂਸ ਦੇ ਪ੍ਰਦਰਸ਼ਨ ਸ਼ੁਰੂ ਕਰਨ ਸਾਰ ਹੀ ਪੁਲਿਸ 30 ਸੈਕਿੰਡਾਂ ਵਿੱਚ ਹੀ ਉਨ੍ਹਾਂ ਨੂੰ ਧੱਕੇ ਨਾਲ ਉੱਥੋਂ ਹਟਾ ਦਿੰਦੀ ਹੈ। ਇਸ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਜਿਵੇਂ ਕਿਸਾਨ ਅੰਦੋਲਨ ਦੁਨੀਆ ਦਾ ਸਭ ਤੋਂ ਲੰਬਾ ਚੱਲਣ ਵਾਲਾ ਪ੍ਰਦਰਸ਼ਨ ਹੈ ਉਵੇਂ ਹੀ ਉਹ ਪ੍ਰਦਰਸ਼ਨ ਦੁਨੀਆ ਦਾ ਸਭ ਤੋਂ ਛੋਟਾ ਪ੍ਰਦਰਸ਼ਨ ਹੈ।






ਜ਼ਿਕਰ ਕਰ ਦਈਏ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਪੰਜਾਬ ਦੇ ਦੋ ਮੰਤਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਦਿੱਲੀ ਜਾ ਕੇ ਰੋਸ ਪ੍ਰਦਰਸ਼ਨ ਕਰਨ ਗਏ ਸਨ। ਧਰਨੇ ਦੌਰਾਨ ਦਿੱਲੀ ਪੁਲਿਸ ਵੱਲੋਂ ਹਰਜੋਤ ਬੈਂਸ ਅਤੇ ਡਾ: ਬਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।