ਮਾਝੇ ਦੇ ਅਕਾਲੀ ਆਗੂਆਂ ਦੀ ਬਗਾਵਤ ਬਾਰੇ ਮਜੀਠੀਆ ਨੇ ਕਿਹਾ ਕਿ ਸਾਰੇ ਆਗੂ ਪਾਰਟੀ ਦੇ ਸਤਿਕਾਰਤ ਹਨ। ਬਾਗੀ ਅਕਾਲੀਆਂ ਦੇ ਹਲਕਿਆਂ ਵਿੱਚ ਸੁਖਬੀਰ ਬਾਦਲ ਤੇ ਅਕਾਲੀ ਦਲ ਵੱਲੋਂ ਕੁਝ ਸਥਾਨਕ ਆਗੂਆਂ ਨੂੰ ਹਵਾ ਦੇਣ ਦੇ ਮੁੱਦੇ 'ਤੇ ਮਜੀਠੀਆ ਨੇ ਕਿਹਾ ਕਿ ਸਮਾਂ ਆਉਣ 'ਤੇ ਸਾਰੀ ਸਥਿਤੀ ਸਾਫ ਹੋ ਜਾਵੇਗੀ।
ਮਜੀਠੀਆ ਨੇ ਚੁਰਾਸੀ ਕਤਲੇਆਮ ਬਾਰੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਨੇ ਇਸ ਕਤਲੇਆਣ ਲਈ ਜ਼ਿੰਮੇਵਾਰ ਆਗੂਆਂ ਨੂੰ ਬਚਾਉਣ ਦੀਆਂ ਸਾਜ਼ਸ਼ਾਂ ਕੀਤੀਆਂ ਪਰ ਮੋਦੀ ਸਰਕਾਰ ਤੇ ਵਾਜਪਾਈ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਦੂਰ ਨਹੀਂ ਜਦੋਂ ਜ਼ਿੰਮੇਵਾਰ ਆਗੂਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ।
'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਵੱਲੋਂ ਵੱਡੀ ਸਾਜ਼ਿਸ਼ ਤਹਿਤ ਸੂਬੇ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਇਸ ਮੁੱਦੇ 'ਤੇ ਮੁਆਫੀ ਮੰਗਣ ਤੇ ਨਾਲ ਹੀ ਜ਼ਿੰਮੇਵਾਰਾਂ ਖਿਲਾਫ ਮੁਕੱਦਮਾ ਦਰਜ ਕਰਨ।
ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੂੰ ਜਾਂਚ ਕਮਿਸ਼ਨ ਵੱਲੋਂ ਕੀਤੇ ਗਏ ਸੰਮਨ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਸਿਰਫ਼ ਸਮਾਂ ਲੰਘਾ ਰਹੇ ਹਨ। ਇਹ ਮਹਿਜ਼ ਕਾਗਜ਼ੀ ਕਾਰਵਾਈ ਕਰ ਰਹੇ। ਸਿੱਧੂ ਜੋੜੇ ਨੂੰ ਬੁਲਾਇਆ ਗਿਆ ਹੈ ਪਰ ਇਸ ਦਾ ਨਤੀਜਾ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਧੂ ਜੋੜੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ।