ਚੰਡੀਗੜ੍ਹ: ਕਈ ਦਿਨਾਂ ਤੋਂ ਰੂਪੋਸ਼ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਨ ਲ਼ਈ ਪੁਲਿਸ ਨੇ ਅੱਜ ਕਈ ਥਾਈਂ ਛਾਪੇ ਮਾਰੇ ਹਨ। ਇਸ ਦੌਰਾਨ ਖਰੜ, ਚੰਡੀਗੜ੍ਹ ਤੇ ਅੰਮ੍ਰਿਤਸਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਪਹਿਲਾਂ ਵੀ ਮਜੀਠੀਆ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਸੀ ਪਰ ਅਕਾਲੀ ਲੀਡਰ ਹੱਥ ਨਹੀਂ ਲੱਗਾ। ਪੁਲਿਸ ਨੇ ਪਹਿਲੀ ਵਾਰ ਵੱਡੀ ਕਾਰਵਾਈ ਕੀਤੀ ਹੈ।


ਦੱਸ ਦਈਏ ਕਿ ਬਿਕਰਮ ਮਜੀਠੀਆ 'ਤੇ ਬੀਤੇ ਕੁਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ 'ਚ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਜੀਠੀਆ ਰੂਪੋਸ਼ ਹੋ ਗਏ ਸੀ। ਪੁਲਿਸ ਨੂੰ ਭਾਜੜਾਂ ਉਸ ਵੇਲੇ ਪੈ ਗਈਆਂ ਜਦੋਂ ਨਵੇਂ ਸਾਲ ‘ਤੇ ਯੂਥ ਅਕਾਲੀ ਦਲ ਦੇ ਪੇਜ਼ ‘ਤੇ ਬਿਕਰਮ ਮਜੀਠੀਆ ਦੀਆਂ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ।


ਦੱਸ ਦਈਏ ਕਿ ਅਜੇ ਤੱਕ ਮਜੀਠੀਆ ਨੂੰ ਅਦਾਲਤ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਮੋਹਾਲੀ ਸੈਸ਼ਨ ਕੋਰਟ 'ਚ ਜ਼ਮਾਨਤ ਲਈ ਅਰਜ਼ੀ ਲਾਈ ਸੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹਾਈਕੋਰਟ (Punjab Haryana High Court) ਰੁਖ ਕੀਤਾ ਸੀ ਪਰ ਅਜੇ ਤੱਕ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Majithia) ਨੂੰ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਹਾਈਕੋਰਟ ਵਿੱਚ ਅਗਲੀ ਸੁਣਵਾਈ 5 ਜਨਵਰੀ ਨੂੰ ਹੋਣੀ ਹੈ।


ਜ਼ਿਕਰਯੋਗ ਹੈ ਕਿ ਹੁਣ ਅਗਾਊਂ ਜ਼ਮਾਨਤ ਅਰਜ਼ੀ 'ਤੇ ਸੁਣਵਾਈ 5 ਜਨਵਰੀ ਨੂੰ ਹੋਵੇਗੀ। ਇਸ ਦੌਰਾਨ ਮਜੀਠੀਆ ਦੇ ਵਕੀਲ ਦਮਨਵੀਰ ਸੋਬਤੀ ਨੇ ਦੱਸਿਆ ਕਿ ਮਜੀਠੀਆ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਪੇਸ਼ ਹੋਣਾ ਸੀ ਪਰ ਸਰੀਰਕ ਤੌਰ 'ਤੇ ਪੇਸ਼ ਨਹੀਂ ਹੋ ਸਕੇ। ਅਦਾਲਤ ਨੇ ਉਨ੍ਹਾਂ ਨੂੰ ਫਿਜ਼ੀਕਲੀ ਪੇਸ਼ ਹੋਣ ਲਈ ਕਿਹਾ ਸੀ। ਇਸ ਲਈ ਸੁਣਵਾਈ ਦੀ ਅਗਲੀ ਤਰੀਕ ਮੰਗ ਸੀ ਜੋ ਹੁਣ 5 ਜਨਵਰੀ ਦਿੱਤੀ ਗਈ ਹੈ।