Punjab News : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੇ ਸ਼ਨੀਵਾਰ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ (Banwarilal Purohit) 'ਤੇ 36,000 ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਰੋਕਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਖਿਲਾਫ ਧਰਨੇ ਦੀ ਚਿਤਾਵਨੀ ਦਿੱਤੀ। ਮੁੱਖ ਮੰਤਰੀ ਚੰਨੀ ਨੇ ਪੁਰੋਹਿਤ 'ਤੇ ਭਾਜਪਾ ਦੇ ਦਬਾਅ ਹੇਠ ਬਿੱਲ ਨੂੰ ਮਨਜ਼ੂਰੀ ਦੇਣ 'ਚ ਦੇਰੀ ਕਰਨ ਦਾ ਦੋਸ਼ ਵੀ ਲਾਇਆ।


ਪੰਜਾਬ ਵਿਧਾਨ ਸਭਾ ਨੇ ਪਿਛਲੇ ਸਾਲ ਨਵੰਬਰ ''ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜ਼ੇਸ਼ਨ ਆਫ ਕੰਟਰੈਕਟ ਇੰਪਲਾਈਜ਼ ਬਿੱਲ-2021' ਪਾਸ ਕੀਤਾ ਸੀ। ਬਿੱਲ ਦਾ ਉਦੇਸ਼ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਠੇਕੇ ਜਾਂ ਐਡਹਾਕ, ਅਸਥਾਈ ਜਾਂ ਰੋਜ਼ਾਨਾ ਅਧਾਰ 'ਤੇ ਕੰਮ ਕਰਦੇ 36,000 ਕਰਮਚਾਰੀਆਂ ਨੂੰ ਰੈਗੂਲਰ ਕਰਨਾ ਹੈ।


ਆਪਣੇ ਸ਼ਾਸਨ ਦੇ 100 ਦਿਨਾਂ ਦਾ ਰਿਪੋਰਟ ਕਾਰਡ ਦੇਣ ਲਈ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 36,000 ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕਾਨੂੰਨ ਬਣਾਇਆ ਹੈ। ਚੰਨੀ ਨੇ ਦੋਸ਼ ਲਾਇਆ ਕਿ ਰਾਜਪਾਲ ਨੇ ਕੁਝ ਸਿਆਸੀ ਕਾਰਨਾਂ ਕਰ ਕੇ (ਬਿੱਲ ਨਾਲ ਸਬੰਧਤ) ਫਾਈਲ ਨੂੰ ਰੋਕ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਮੰਤਰੀਆਂ ਸਮੇਤ ਇਸ ਮੁੱਦੇ 'ਤੇ ਪਹਿਲਾਂ ਹੀ ਰਾਜਪਾਲ ਨੂੰ ਮਿਲ ਚੁੱਕੇ ਹਨ, ਜਦਕਿ ਮੁੱਖ ਸਕੱਤਰ ਵੀ ਦੋ ਵਾਰ ਰਾਜਪਾਲ ਨੂੰ ਮਿਲ ਚੁੱਕੇ ਹਨ।


ਚੰਨੀ ਨੇ ਕਿਹਾ ਕਿ ਉਹ ਮੰਤਰੀਆਂ ਸਮੇਤ ਸੋਮਵਾਰ ਨੂੰ ਮੁੜ ਰਾਜਪਾਲ ਨੂੰ ਮਿਲਣਗੇ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਰਾਜਨੀਤੀ ਹੈ। ਸਾਨੂੰ ਧਰਨਾ ਦੇਣਾ ਪਵੇਗਾ ਅਸੀਂ ਉਹ ਕਰਾਂਗੇ ਪਰ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਪਵੇਗਾ। ਇਕ ਕਾਨੂੰਨ ਬਣਾਇਆ ਗਿਆ ਹੈ।


ਫਾਈਲ ਨੂੰ ਕਲੀਅਰ ਕਰਨਾ ਰਾਜਪਾਲ ਦੀ ਜ਼ਿੰਮੇਵਾਰੀ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਉਹ ਕਿਤੇ ਰੁੱਝੇ ਹੋਏ ਹਨ, ਪਰ ਜਿਵੇਂ ਕਿ ਮੈਂ ਉਨ੍ਹਾਂ ਨੂੰ ਮਿਲ ਚੁੱਕਾ ਹਾਂ ਅਤੇ ਮੁੱਖ ਸਕੱਤਰ ਵੀ ਉਨ੍ਹਾਂ ਨੂੰ ਮਿਲ ਚੁੱਕੇ ਹਨ, ਹੁਣ ਇਹ ਰਾਜਨੀਤੀ ਹੈ, ਕਿਉਂਕਿ ਭਾਜਪਾ ਦਾ ਦਬਾਅ ਹੈ, ਉਨ੍ਹਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।


ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਸਰਕਾਰ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਆਪਣਾ ਵਾਅਦਾ ਪੂਰਾ ਨਾ ਕਰਨ ਲਈ ਆਪਣੇ ਸਿਆਸੀ ਵਿਰੋਧੀਆਂ ਦੇ ਹਮਲੇ ਦਾ ਸਾਹਮਣਾ ਕਰ ਰਹੀ ਹੈ।


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904