ਚੰਡੀਗੜ੍ਹ: ਡਰੱਗ ਮਾਮਲੇ ਵਿੱਚ ਕੇਸ ਦਾਇਰ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਜ਼ਮਾਨਤ ਲਈ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਹਾਈਕੋਰਟ ਵਿੱਚ ਅਰਜ਼ੀ ਪਾ ਕੇ ਅਗਾਊਂ ਜ਼ਮਾਨਤ ਮੰਗੀ ਹੈ। ਹੇਠਲੀ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਜ਼ਮਾਨਤ ਅਰਜ਼ੀ ਉੱਪਰ ਸੁਣਵਾਈ ਬੁੱਧਵਾਰ ਨੂੰ ਹੋਏਗੀ।


ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਾਲੀ ਪੁਲਿਸ ਨੇ ਐਤਵਾਰ ਨੂੰ ਸੈਕਟਰ-4 ਸਥਿਤ ਐਮਐਲਏ ਹੋਸਟਲ ਦੇ ਫਲੈਟ ਨੰਬਰ 39 ਵਿੱਚ ਛਾਪਾ ਮਾਰਿਆ ਪਰ ਫਲੈਟ ਖੁੱਲ੍ਹਾ ਹੋਣ ਦੇ ਬਾਵਜੂਦ ਇੱਥੇ ਕੋਈ ਨਹੀਂ ਮਿਲਿਆ। ਇਸ ਤੋਂ ਬਾਅਦ ਟੀਮ ਵਿੱਚ ਸ਼ਾਮਲ ਮੁਹਾਲੀ ਦੇ ਐਸਪੀ, ਡੀਐਸਪੀ ਤੇ ਇੰਸਪੈਕਟਰ ਨੇ ਸੈਕਟਰ-3 ਥਾਣੇ ਨੂੰ ਸੂਚਨਾ ਦਿੱਤੀ। ਟੀਮ ਵਿੱਚ ਐਸਪੀ ਇਨਵੈਸਟੀਗੇਸ਼ਨ ਵਜ਼ੀਰ ਸਿੰਘ ਖਹਿਰਾ, ਡੀਐਸਪੀ ਗੁਰਪ੍ਰੀਤ ਸਿੰਘ ਅਤੇ ਮੁਹਾਲੀ ਫੇਜ਼-1 ਸਟੇਟ ਕਰਾਈਮ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਸ਼ਿਵਦੀਪ ਸਿੰਘ ਸ਼ਾਮਲ ਸੀ।


ਦੱਸ ਦਈਏ ਕਿ ਮਜੀਠੀਆ ਖਿਲਾਫ 20 ਦਸੰਬਰ ਨੂੰ ਮੁਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ 'ਚ ਨਸ਼ਾ ਤਸਕਰੀ ਮਾਮਲੇ 'ਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਹੁਣ ਤੱਕ  ਫਿਲਹਾਲ ਮਜੀਠੀਆ ਅੰਡਰਗਰਾਊਂਡ ਦੱਸਿਆ ਜਾ ਰਿਹਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਡਰ ਹੈ ਕਿ ਮਜੀਠੀਆ ਗ੍ਰਿਫਤਾਰੀ ਤੋਂ ਬਚਣ ਲਈ ਦੇਸ਼ ਤੋਂ ਬਾਹਰ ਜਾ ਸਕਦਾ ਹੈ। ਇਸ ਕਰਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।


ਡਰੱਗ ਵਿਰੋਧੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ 'ਤੇ ਮਜੀਠੀਆ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ ਨਵੰਬਰ 2017 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ। ਇਸ ਦੇ ਬਾਵਜੂਦ ਐਸਆਈਟੀ ਹੁਣ ਦਾਅਵਾ ਕਰਦੀ ਹੈ ਕਿ ਸੀਲਬੰਦ ਰਿਪੋਰਟ ਵਿੱਚ ਮਜੀਠੀਆ ਦਾ ਨਾਂ ਨਸ਼ਾ ਤਸਕਰੀ ਰੈਕੇਟ ਵਿੱਚ ਸ਼ਾਮਲ ਮੁਲਜ਼ਮ ਵਜੋਂ ਦਰਜ ਹੈ। ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਐਸਟੀਐਫ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ 'ਤੇ ਮਜੀਠੀਆ ਖ਼ਿਲਾਫ਼ ਧਾਰਾ-25, 27-ਏ ਅਤੇ 29 ਐਨਡੀਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਸੀ।