Punjab news: ਮਜੀਠਾ ਦੇ ਪਿੰਡ ਰੱਖ ਭੰਗਵਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕ ਰਾਕੇਸ਼ ਕੁਮਾਰ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਅਧਿਆਪਕ ਬੱਚੀਆਂ ਨਾਲ ਗਲਤ ਹਰਕਤ ਕਰਦਾ ਸੀ। ਇਸ ਮਾਮਲੇ ਨੂੰ ਲੈ ਕੇ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ, “ਮਜੀਠਾ ਹਲਕੇ ਵਿਚ ਸਰਕਾਰੀ ਸਕੂਲ ਵਿਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਛੇੜਛਾੜ ਕਰਨਾ ਬਹੁਤ ਗੰਭੀਰ ਮਾਮਲਾ ਹੈ। ਇਸ ਮਾਮਲੇ ਵਿਚ ਬੇਸ਼ੱਕ ਕੇਸ ਤਾਂ ਦਰਜ ਹੋ ਗਿਆ ਹੈ ਪਰ ਅਧਿਆਪਕ ਖਿਲਾਫ ਵਿਭਾਗੀ ਕਾਰਵਾਈ ਕੋਈ ਨਹੀਂ ਹੋ ਰਹੀ। ਅਜਿਹੇ ਅਧਿਆਪਕ ਨੂੰ ਤੁਰੰਤ ਬਰਖ਼ਾਸਤ ਕਰਕੇ ਸਖ਼ਤ ਤੋਂ ਸਖ਼ਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਘਟਨਾ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।“
ਇਹ ਵੀ ਪੜ੍ਹੋ: Mela Maghi: ਮਾਘੀ ਦੇ ਮੇਲੇ 'ਚ ਦੌੜਨਗੇ ਘੋੜੇ, ਸਰਕਾਰ ਨੇ ਲਗਾਈ ਪਾਬੰਧੀ ਹਟਾਈ, ਮਾਲਕਾਂ ਲਈ ਰੱਖੀਆਂ ਆਹ ਸ਼ਰਤਾਂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਕੂਲ ਅਧਿਆਪਕ ਰਾਕੇਸ਼ ਕੁਮਾਰ 5ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ ਪੜ੍ਹਾਉਣ ਦੇ ਬਹਾਨੇ ਉਨ੍ਹਾਂ ਨਾਲ ਗਲਤ ਹਰਕਤ ਕਰਦਾ ਸੀ। ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ।
ਦੱਸਿਆ ਕਿ ਸਕੂਲ ਅਧਿਆਪਕ ਛੁੱਟੀਆਂ ਤੋਂ ਪਹਿਲਾਂ ਉਸ ਨਾਲ ਦੁਰਵਿਵਹਾਰ ਕਰਦਾ ਸੀ, ਜਿਸ ਕਾਰਨ ਉਹ ਸਕੂਲ ਨਹੀਂ ਜਾਂਦੀਆਂ ਸਨ, ਜਿਸ 'ਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਦਿਆਰਥਣਾਂ ਦੀ ਉਮਰ 8 ਤੋਂ 10 ਸਾਲ ਦੱਸੀ ਜਾ ਰਹੀ ਹੈ।