Hoshiarpur News: ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੇ ਸਰਪੰਚ ਤੇ ਦਲਿਤ ਲੀਡਰ ਸੰਦੀਪ ਕੁਮਾਰ ਛੀਨਾ (45) ਦੀ ਵੀਰਵਾਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦਾ ਪਤਾ ਲੱਗਦੇ ਸਾਰ ਸੰਦੀਪ ਕੁਮਾਰ ਦੇ ਜਾਣੂ ਤੇ ਦਲਿਤ ਜਥੇਬੰਦੀਆਂ ਦੇ ਕਾਰਕੁਨ ਇਕੱਠੇ ਹੋ ਗਏ ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 


ਅੱਜ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਵੀਰਵਾਰ ਨੂੰ ਅਮਰੀਕ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਡਡਿਆਣਾ ਕਲਾਂ ਨੇ ਮੁੱਖ ਅਫ਼ਸਰ ਬੁੱਲੋਵਾਲ ਥਾਣਾ ਹੁਸਿਆਰ ਨੂੰ ਇੱਕ ਬਿਆਨ ਦਿੱਤਾ ਸੀ। ਉਸ ਦਾ ਭਰਾ ਸੰਦੀਪ ਕੁਮਾਰ ਸਰਪੰਚ ਉਰਫ ਚੀਨਾ ਅੱਡਾ ਦੁਸੜਕਾ ਵਿਖੇ ਆਪਣੀ ਟਾਈਲਾਂ ਦੀ ਦੁਕਾਨ ਕਰਦਾ ਸੀ। ਵੀਰਵਾਰ ਸਵੇਰੇ ਕਰੀਬ 10 ਵਜੇ ਉਸ ਦੇ ਭਰਾ ਦੀ ਦੁਕਾਨ 'ਤੇ ਤਿੰਨ ਨੌਜਵਾਨ ਲੜਕੇ ਆਏ। ਉਨ੍ਹਾਂ 'ਚ ਅਨੂਪ ਕੁਮਾਰ ਉਰਫ ਵਿੱਕੀ ਪੁੱਤਰ ਅਸ਼ਵਨੀ ਵੀ ਸ਼ਾਮਲ ਸੀ ਤੇ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਸਨ। 


ਇਸ ਦੌਰਾਨ ਅਨੂਪ ਕੁਮਾਰ ਉਰਫ ਵਿੱਕੀ ਨੇ ਸੰਦੀਪ ਕੁਮਾਰ 'ਤੇ ਪਿਸਤੌਲ ਨਾਲ ਫਾਇਰ ਕਰ ਦਿੱਤਾ, ਜੋ ਉਸ ਦੇ ਭਰਾ ਦੀ ਛਾਤੀ ਦੇ ਸੱਜੇ ਪਾਸੇ ਵੱਜਿਆ। ਉਕਤ ਦੋਸ਼ੀਆਂ ਵੱਲੋਂ ਪਿਸਤੌਲ 'ਚੋਂ ਕੁੱਲ 3 ਰਾਊਂਡ ਫਾਇਰ ਕੀਤੇ ਗਏ। ਇਸ ਤੋਂ ਬਾਅਦ ਦੋਸ਼ੀ ਉਸ ਦੇ ਭਰਾ ਨੂੰ ਗਾਲ੍ਹਾਂ ਕੱਢਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਨੂੰ ਤੁਰੰਤ ਕੇਡੀਐਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ। 


ਐਸਐਸਪੀ ਮੁਤਾਬਕ ਮੁਕੱਦਮਾ ਨੰਬਰ 1 ਮਿਤੀ 04/01/2024 .ਧੰਨ 302/34 ਭ.ਦ.ਤੇ 25-27/54/59 ਅਸਲਾ ਐਕਟ ਥਾਣਾ ਬੁਲੋਵਾਲ ਵਿਖੇ ਦਰਜ ਕੀਤਾ ਗਿਆ। ਉਕਤ ਮੁਕੱਦਮਾ ਦਰਜ ਹੋਣ ਤੋਂ ਤੁਰੰਤ ਬਾਅਦ ਸੀਆਈਏ ਤੇ ਸਥਾਨਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ।


ਇਨ੍ਹਾਂ ਦੋਸ਼ੀਆਂ ਵਿੱਚੋਂ ਪੁਲਿਸ ਨੇ ਅੱਜ ਤੜਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰੈੱਸ ਕਾਨਫਰੰਸ ਦਾ ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਬਾਕੀ ਰਹਿੰਦੇ ਦੋ ਦੋਸ਼ੀ ਵੀ ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ


ਉਧਰ, ਦਲਿਤ ਆਗੂਆਂ ਨੇ ਦੋਸ਼ ਲਾਇਆ ਕਿ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸੰਦੀਪ ਕੁਮਾਰ ਦਾ ਕਤਲ ਕੀਤਾ ਗਿਆ ਹੈ ਜਦੋਂਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਪਛਾਣ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। 


ਪ੍ਰਤੱਖਦਰਸ਼ੀਆਂ ਅਨੁਸਾਰ ਸਰਪੰਚ ਅੱਡਾ ਦੋਸੜਕਾ ਵਿਖੇ ਆਪਣੇ ਸੀਮਿੰਟ ਡੰਪ ’ਤੇ ਮੌਜੂਦ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਤਿੰਨ ਵਿਅਕਤੀ ਆਏ। ਉਨ੍ਹਾਂ ਨੇ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਉਨ੍ਹਾਂ ਵਿੱਚੋਂ ਇਕ ਨੇ ਮੋਟਰਸਾਈਕਲ ਤੋਂ ਉਤਰ ਕੇ ਸਰਪੰਚ ਨਾਲ ਹੱਥ ਮਿਲਾਇਆ ਤੇ ਫਿਰ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। 



ਉੱਥੇ ਮੌਜੂਦ ਲੋਕ ਸਰਪੰਚ ਸੰਦੀਪ ਕੁਮਾਰ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਵਿੱਚ ਪਿੰਡ ਮੇਘੋਵਾਲ ਗੰਜਿਆਂ ਦੇ ਸਰਪੰਚ ਸੁਰਜੀਤ ਸਿੰਘ ਅਣਖੀ ਦੀ ਵੀ ਇਸੇ ਤਰ੍ਹਾਂ ਨੇੜਿਓਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਣਖੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ।