ਪਟਿਆਲਾ: ਨੌਜਵਾਨਾਂ ਲਈ ਮੁਫ਼ਤ ਸਮਾਰਟਫ਼ੋਨ ਦੇ ਵਾਅਦੇ 'ਤੇ ਅਕਾਲੀ ਦਲ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਦੇ ਜੱਦੀ ਸ਼ਹਿਰ ਵਿੱਚ 'ਕੈਪਟਨ ਦੇ ਮੋਬਾਈਲਾਂ ਦੀ ਹੱਟੀ' ਖੋਲ੍ਹ ਕੇ ਖਿਡੌਣਾ ਮੋਬਾਈਲ ਵੰਡੇ। ਇਸ ਦੌਰਾਨ ਅਕਾਲੀ ਦਲ ਨੇ ਆਪਣੇ ਪ੍ਰਦਰਸ਼ਨ ਦੀ ਰੌਚਕਤਾ ਵਧਾਉਣ ਲਈ ਮੁੱਖ ਮੰਤਰੀ ਦਾ ਹਮਸ਼ਕਲ ਵੀ ਲਿਆਂਦਾ।
ਮਜੀਠੀਆ ਨੇ ਦੱਸਿਆ ਕਿ 50 ਲੱਖ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਦੇ ਚੋਣ ਵਾਅਦੇ ਨੂੰ ਪੂਰਾ ਕਰਨ ਵਾਸਤੇ 2650 ਕਰੋੜ ਰੁਪਏ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਸਮਾਰਟ ਫੋਨ ਦੀ ਕੀਮਤ 3500 ਰੁਪਏ ਮੰਨ ਲਈ ਜਾਵੇ ਤਾਂ 50 ਲੱਖ ਮੋਬਾਈਲਾਂ ਦੀ ਕੀਮਤ 1750 ਕਰੋੜ ਰੁਪਏ ਬਣਦੀ ਹੈ ਅਤੇ ਜੇਕਰ ਇੱਕ ਨੌਜਵਾਨ ਨੂੰ 150 ਰੁਪਏ ਪ੍ਰਤੀ ਮਹੀਨਾ ਦਾ ਮੋਬਾਈਲ ਡੇਟਾ ਦਿੱਤਾ ਜਾਵੇ ਤਾਂ ਹਰ ਮਹੀਨੇ 900 ਕਰੋੜ ਰੁਪਏ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਫੋਨਾਂ ਦਾ ਵਾਅਦਾ ਕੀਤਾ ਪਰ ਸਰਕਾਰ ਬਣਨ ਮਗਰੋਂ ਕਾਂਗਰਸ ਨੇ ਨੌਜਵਾਨਾਂ ਨੂੰ ਧੋਖਾ ਦੇ ਦਿੱਤਾ। ਮਜੀਠੀਆ ਨੇ ਕੈਪਟਨ ਸਰਕਾਰ ਨੂੰ ਕਿਸਾਨ, ਦਲਿਤ ਤੇ ਮੁਲਾਜ਼ਮ ਵਿਰੋਧੀ ਕਰਾਰ ਦਿੱਤਾ।
ਇਸ ਪ੍ਰਦਰਸ਼ਨ ਦੌਰਾਨ ਮਜੀਠੀਆ ਨੇ ਦੋ ਸਰਪ੍ਰਾਈਜ਼ ਦਿੱਤੇ, ਪਹਿਲਾ ਮੁੱਖ ਮੰਤਰੀ ਦਾ ਹਮਸ਼ਕਲ ਤੇ ਦੂਜਾ ਪਟਿਆਲਾ ਲੋਕ ਸਭਾ ਸੀਟ ਤੋਂ ਉਮੀਦਵਾਰ। ਉਨ੍ਹਾਂ 'ਕੈਪਟਨ ਰਮਿੰਦਰ ਸਿੰਘ' ਨਾਂਅ ਵਾਲੇ ਵਿਅਕਤੀ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਹਮਸ਼ਕਲ ਬਣਾ ਕੇ ਪ੍ਰਦਰਸ਼ਨ ਵਿੱਚ ਲਿਆਂਦਾ, ਜੋ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣਿਆ। ਇਸ ਦੇ ਨਾਲ ਹੀ ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਪ੍ਰਤੀਨਿਧਤਾ ਦਿੱਤੀ ਜਾਵੇਗੀ ਅਤੇ ਪਟਿਆਲਾ ਹਲਕੇ ਤੋਂ ਵੀ ਅਕਾਲੀ ਦਲ ਦਾ ਉਮੀਦਵਾਰ ਇੱਕ ਸਰਪ੍ਰਾਈਜ਼ ਹੀ ਹੋਵੇਗਾ। ਮਜੀਠੀਆ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਗਠਜੋੜ ਸੂਬੇ ਦੀਆਂ ਸਾਰੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ।