ਰੂਪਨਗਰ: ਜ਼ਿਲ੍ਹਾ ਪੁਲਿਸ ਨੇ ਸਰਹਿੰਦ ਦੇ ਪਹਿਲਵਾਨ ਗਰੁੱਪ ਨਾਲ ਸਬੰਧਤ ਤਿੰਨ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਕੌਮੀ ਪੱਧਰ ਦਾ ਭਾਰਤ ਤੋਲਕ ਹੈ। 20 ਤੋਂ 22 ਸਾਲ ਦੀ ਉਮਰ ਦੇ ਇਨ੍ਹਾਂ ਬਦਮਾਸ਼ਾਂ ਤੋਂ 32 ਬੋਰ ਦੇ ਚਾਰ ਪਿਸਟਲ ਤੇ 22 ਜ਼ਿੰਦਾ ਕਾਰਤੂਸਾਂ ਸਮੇਤ ਬਰਾਮਦ ਕੀਤਾ ਹੈ।


ਰੋਪੜ ਦੇ ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਗੈਂਗਸਟਰਾਂ ਨੂੰ 10 ਕਿਲੋਮੀਟਰ ਤਕ ਪਿੱਛਾ ਕਰਨ ਮਗਰੋਂ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਮੁਲਜ਼ਮ ਪਹਿਲਵਾਰ ਗਰੁੱਪ ਨਾਲ ਸਬੰਧਤ ਹਨ ਤੇ ਇਨ੍ਹਾਂ ਦੀ ਰੋਪੜ, ਖੰਨਾ ਤੇ ਫ਼ਤਹਿਗੜ੍ਹ ਸਾਹਿਬ ਵਿੱਚ ਡਕੈਤੀ ਦੇ ਪੰਜ ਕੇਸਾਂ ਵਿੱਚ ਸ਼ਮੂਲੀਅਤ ਹੈ।



ਉਨ੍ਹਾਂ ਦੱਸਿਆ ਕਿ ਪਹਿਲਵਾਨ ਗਰੁੱਪ ਦੀ ਗਾਂਧੀ ਗਰੁੱਪ ਨਾਲ ਕਈ ਵਾਰ ਖ਼ੂਨੀ ਝੜਪ ਵੀ ਹੋਈ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਵਿੱਚੋਂ ਇੱਕ ਮੰਡੀ ਗੋਬਿੰਦਗੜ੍ਹ ਦੇ ਰਿਮਟ ਕਾਲਜ ਦਾ ਸਾਬਕਾ ਵਿਦਿਆਰਥੀ ਪ੍ਰਧਾਨ ਵਿਸ਼ਾਲ ਖੰਨਾ ਹੈ ਤੇ ਦੂਜਾ ਖੰਨਾ ਦਾ ਰਹਿਣ ਵਾਲਾ ਕੌਮੀ ਪੱਧਰ ਦਾ ਵੇਟਲਿਫ਼ਟਰ ਨੀਲਕਮਲ ਉਰਫ਼ ਬਿੱਲਾ ਹੈ। ਤੀਜੇ ਮੁਲਜ਼ਮ ਦੀ ਸ਼ਨਾਖ਼ਤ ਰਾਜਪੁਰਾ ਦੇ ਰਹਿਣ ਵਾਲੇ ਗੁਰਜੋਤ ਵਜੋਂ ਹੋਈ ਹੈ।

ਐਸਐਸਪੀ ਨੇ ਦੱਸਿਆ ਕਿ ਇਹ ਮੁਲਜ਼ਮ ਸ਼ਰਾਬ ਦੇ ਠੇਕਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਤੇ ਬੱਸੀ ਪਠਾਣਾਂ ਵਿੱਚ ਸ਼ਰਾਬ ਠੇਕੇਦਾਰ 'ਤੇ ਗੋਲ਼ੀਆਂ ਵੀ ਚਲਾਈਆਂ ਸਨ। ਮੁਲਜ਼ਮਾਂ 'ਤੇ ਮੋਟਰਸਾਈਕਲ ਚੋਰੀ ਦਾ ਪਰਚਾ ਵੀ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਕਈ ਸਾਥੀ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਲੁਕੇ ਹੋਏ ਹਨ ਅਤੇ ਇੱਕ ਬਦਮਾਸ਼ ਵਿਦੇਸ਼ ਵੀ ਭੱਜ ਗਿਆ ਹੈ। ਪੁਲਿਸ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਲਈ ਛਾਪੇਮਾਰੀ ਕਰ ਰਹੀ ਹੈ।