ਚੰਡੀਗੜ੍ਹ: ਪੰਜਾਬ ਸਰਕਾਰ ਨੇ ਭ੍ਰਿਸ਼ਟਚਾਰ ਵਿੱਚ ਗ਼ਲਤਾਨ ਮੁਲਜ਼ਮਾਂ 'ਤੇ ਵੱਡੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਰੰਗੇ ਹੱਥੀਂ ਫੜੇ ਮੁਲਾਜ਼ਮਾਂ ਜਾਂ ਹੋਰ ਵੱਡੇ ਮਾਮਲਿਆਂ ਵਿੱਚ ਸ਼ਾਮਲ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਰਿਕਾਰਡ ਤਲਬ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਖ਼ਾਸਕਰ ਭ੍ਰਿਸ਼ਟ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਰਕਾਰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਇਰਾਦਾ ਬਣਾ ਰਹੀ ਹੈ।
ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੀ ਗੰਭੀਰਤਾ ਮੁਤਾਬਕ ਮੁਲਾਜ਼ਮਾਂ ਨੂੰ ਲੋਕ ਸੇਵਾ ਤੋਂ ਤੁਰੰਤ ਹਟਾ ਦਿੱਤਾ ਜਾਵੇਗਾ। ਸਰਕਾਰ ਆਪਣੇ ਇਸ ਸਖ਼ਤ ਨਿਯਮ ਦੀ ਪਾਲਣਾ ਪੁਲਿਸ ਵਿਭਾਗ ਤੋਂ ਕਰੇਗੀ। ਪੁਲਿਸ ਮਗਰੋਂ ਸਿੱਖਿਆ, ਸਿਹਤ, ਸਿੰਜਾਈ, ਸਥਾਨਕ ਸਰਕਾਰਾਂ ਤੇ ਮਾਲੀਆ ਵਿਭਾਗਾਂ ਦੀ ਵਾਰੀ ਆਵੇਗੀ।
ਕੈਪਟਨ ਦੇ ਮੁੱਖ ਸਕੱਤਰਰ ਨੇ ਵਿਜੀਲੈਂਸ ਤੋਂ ਪਿਛਲੇ ਕੁਝ ਸਾਲਾਂ ਦੌਰਾਨ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਰੰਗੇ ਹੱਥੀਂ ਫੜੇ ਗਏ ਮੁਲਾਜ਼ਮਾਂ ਦੇ ਵੇਰਵੇ ਤੇ ਉਨ੍ਹਾਂ ਵਿਰੁੱਧ ਜਾਰੀ ਕਾਰਵਾਈ ਦੀ ਸਥਿਤੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਮੁੱਖ ਮੰਤਰੀ ਜਲਦ ਹੀ ਆਪਣੇ ਗ੍ਰਹਿ ਸਕੱਤਰ, ਮੁੱਖ ਸਕੱਤਰ, ਡੀਜੀਪੀ ਤੇ ਐਡਵੋਕੇਟ ਜਨਰਲ ਨਾਲ ਬੈਠਕ ਕਰਨਗੇ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਤੋਂ ਮੰਗੇ ਗਏ ਡੇਟਾ 'ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।