ਚੰਡੀਗੜ੍ਹ: ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਸਾਹਮਣੇ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਪੇਸ਼ ਨਹੀਂ ਹੋਏ। ਇਨ੍ਹਾਂ ਦੋਵਾਂ ਪੁਲਿਸ ਅਫਸਰਾਂ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਸੀ ਪਰ ਗ੍ਰਿਫਤਾਰੀ ਦੇ ਡਰੋਂ ਉਹ ਪੇਸ਼ ਨਹੀਂ ਹੋਏ।


ਸਿੱਟ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਮਗਰੋਂ ਪੁੱਛਗਿੱਛ ਲਈ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਤਲਬ ਕੀਤਾ ਸੀ। ਦੋਵੇਂ ਪੁਲਿਸ ਅਫ਼ਸਰ ਸਿੱਟ ਵੱਲੋਂ ਸੰਮਨ ਕਰਨ ਦੇ ਬਾਵਜੂਦ ਪੁੱਛਗਿੱਛ ਲਈ ਨਹੀਂ ਪਹੁੰਚੇ।

ਬੀਤੇ ਦਿਨੀਂ ਐਸਪੀ ਬਿਕਰਮਜੀਤ ਸਿੰਘ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਾਈ ਸੀ। ਉਨ੍ਹਾਂ ਨੇ ਗ੍ਰਿਫਤਾਰੀ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਫੌਰੀ ਰਾਹਤ ਨਹੀਂ ਮਿਲੀ ਸੀ। ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਦੀ ਸੁਣਵਾਈ 10 ਜਨਵਰੀ 'ਤੇ ਪਾ ਦਿੱਤੀ ਸੀ।

ਅੱਜ ਐਸਆਈਟੀ ਵੱਲੋਂ ਡੀਐਸਪੀ ਵਿਭੋਰ ਕੁਮਾਰ ਪੁੱਛਗਿੱਛ ਕਰਨ ਲਈ 82 ਬਟਾਲੀਅਨ ਦੀ ਜੀਓ ਮੈੱਸ ਵਿੱਚ ਪਹੁੰਚੇ ਪਰ ਉਨ੍ਹਾਂ ਕੋਲ ਐਸਪੀ ਤੇ ਇੰਸਪੈਕਟਰ ਦੇ ਆਉਣ ਬਾਰੇ ਕੋਈ ਵੀ ਜਾਣਕਾਰੀ ਨਹੀਂ। ਐਸਆਈਟੀ ਵੱਲੋਂ ਦੋਵਾਂ ਪੁਲਿਸ ਅਫ਼ਸਰਾਂ ਨੂੰ ਸਾਢੇ ਗਿਆਰਾਂ ਵਜੇ ਦਾ ਸਮਾਂ ਦਿੱਤਾ ਗਿਆ ਸੀ। ਵਿਭੋਰ ਕੁਮਾਰ ਨੇ ਕਿਹਾ ਕਿ ਪੁਲਿਸ ਟੀਮ ਉਡੀਕ ਕਰ ਰਹੀ ਹੈ। ਹਾਲੇ ਤੱਕ ਕੋਈ ਵੀ ਅਫ਼ਸਰ ਨਹੀਂ ਪਹੁੰਚਿਆ।