ਬੇਅਦਬੀ ਤੇ ਗੋਲੀ ਕਾਂਡ: ਪੁਲਿਸ ਅਫਸਰਾਂ ਤੋਂ ਸੱਚ ਕਢਵਾਉਣ 'ਚ ਜੁਟੀ ਸਿੱਟ
ਏਬੀਪੀ ਸਾਂਝਾ | 29 Jan 2019 11:51 AM (IST)
ਫ਼ਰੀਦਕੋਟ: ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੁਲਿਸ ਰਿਮਾਂਡ ਮਿਲਣ ਮਗਰੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸਿੱਟ ਦੇ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ ਤੇ ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਸ਼ਰਮਾ ਤੋਂ ਫ਼ਰੀਦਕੋਟ ਦੇ ਥਾਣਾ ਸਦਰ ਵਿੱਚ ਪੰਜ ਘੰਟੇ ਲੰਬੀ ਪੁੱਛਗਿੱਛ ਕੀਤੀ। ਜਾਂਚ ਟੀਮ ਨੇ ਚਰਨਜੀਤ ਸ਼ਰਮਾ ਨੂੰ ਸਵਾਲਾਂ ਦੀ ਝੜੀ ਲਾ ਦਿੱਤੀ। ਇਸ ਮਗਰੋਂ ਏਡੀਜੀਪੀ ਪ੍ਰਬੋਧ ਕੁਮਾਰ ਨੇ ਕਿਹਾ ਕਿ ਜਾਂਚ ਦੌਰਾਨ ਸ਼ਰਮਾ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਬਹੁਤ ਜਲਦੀ ਮੁਕੰਮਲ ਹੋ ਰਹੀ ਹੈ ਤੇ ਰਿਪੋਰਟ ਅਦਾਲਤ ਵਿੱਚ ਸੌਂਪੀ ਜਾਵੇਗੀ। ਪੜਤਾਲ ਪੂਰੀ ਤਰ੍ਹਾਂ ਨਿਰਪੱਖ ਤਰੀਕੇ ਨਾਲ ਤੇ ਨਿਯਮਾਂ ਮੁਤਾਬਕ ਹੀ ਹੋ ਰਹੀ ਹੈ। ਕਾਬਲੇਗੌਰ ਹੈ ਕਿ ਐਤਵਾਰ ਰਾਤ ਨੂੰ ਐਸਆਈਟੀ ਨੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਇਲਾਕਾ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਕਰਕੇ 4 ਫਰਵਰੀ ਤੱਕ (ਅੱਠ ਦਿਨ) ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਜਾਂਚ ਟੀਮ ਮੁਕੱਦਮੇ ਨਾਲ ਜੁੜੇ ਬਹੁਤੇ ਤੱਥਾਂ ਨੂੰ ਗੁਪਤ ਹੀ ਰੱਖ ਰਹੀ ਹੈ। ਹੁਣ ਦੋ ਹੋਰ ਪੁਲਿਸ ਅਧਿਕਾਰੀਆਂ ਉਸ ਸਮੇਂ ਦੇ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਪ੍ਰਦੀਪ ਸਿੰਘ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਹੈ। ਇਨ੍ਹਾਂ ਦੋਵਾਂ ਅਫਸਰਾਂ ਨੇ ਸਥਾਨਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਾਈ ਜਾਵੇ। ਹਾਲ ਦੀ ਘੜੀ ਗ੍ਰਿਫ਼ਤਾਰੀ ਉੱਪਰ ਰੋਕ ਨਹੀਂ ਲਾਈ ਪਰ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜ਼ਮਾਨਤ ਦੀ ਸੁਣਵਾਈ 30 ਜਨਵਰੀ ’ਤੇ ਪਾ ਦਿੱਤੀ ਹੈ।