illegal mining: ਦੇਰ ਰਾਤ ਬਟਾਲਾ ਦੇ ਪਿੰਡ ਕੋਟਲਾ ਬੱਜਾ ਸਿੰਘ ਨੇੜੇ ਕਸੂਰ ਬ੍ਰਾਂਚ ਨਹਿਰ ਕੋਲੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਾਜਾਇਜ਼ ਮਾਈਨਿੰਗ ਕਰ ਰਹੇ ਮੁਲਜ਼ਮਾਂ ਨੂੰ ਸਰਕਾਰੀ ਬੇਲਦਾਰ ਵੱਲੋਂ ਰੋਕਿਆ ਗਿਆ ਤਾਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ।


ਮਜੀਠੀਆ ਨੇ ਟਵੀਟ ਕਰਦਿਆਂ ਕਿਹਾ, ਨਾਜਾਇਜ਼ ਮਾਇਨਿੰਗ ਕਰਦਿਆਂ ਨੂੰ ਰੋਕਣ ਸਮੇਂ ਬੇਲਦਾਰ ਦਰਸ਼ਨ ਸਿੰਘ ਪੁੱਤਰ ਬਾਵਾ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਨਾਲ ਬੇਲਦਾਰ ਦੀ ਮੌਤ ਹੋ ਗਈ। 






ਮਾਇਨਿੰਗ ਮਾਫੀਆਂ ਇਨ੍ਹਾਂ ਬੇਖੌਫ ਹੈ ਕਿ ਜੇ ਕੋਈ ਇਨ੍ਹਾਂ ਨੂੰ ਨਜਾਇਜ਼ ਮਾਇਨਿੰਗ ਤੋਂ ਰੋਕੇ ਤਾਂ ਇਹ ਕਤਲ ਤੱਕ ਕਰ ਦਿੰਦੇ ਹਨ। ਭਗਵੰਤ ਮਾਨ ਸ਼ਰਮ ਕਰੋ ਸ਼ਰਮ ਕਰੋ।


ਦਰਅਸਲ ਬਟਾਲਾ ਦੇ ਪਿੰਡ ਕੋਟਲਾ ਬੱਜਾ ਸਿੰਘ ਨੇੜੇ ਕਸੂਰ ਬ੍ਰਾਂਚ ਨਹਿਰ ਨਜ਼ਦੀਕ ਨਾਜਾਇਜ਼ ਮਾਈਨਿੰਗ ਕਰ ਰਹੇ ਮੁਲਜ਼ਮਾਂ ਨੂੰ ਸਰਕਾਰੀ ਬੇਲਦਾਰ ਵੱਲੋਂ ਰੋਕਿਆ ਗਿਆ ਤਾਂ ਨਾਜਾਇਜ ਮਾਈਨਿੰਗ ਕਰਨ ਵਾਲਿਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਖੁਦ ਹਮਲਾਵਰ ਟਰੈਕਟਰ-ਟਰਾਲੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਉੱਥੇ ਹੀ ਸੰਬਧਤ ਥਾਣਾ ਰੰਗੜ ਨੰਗਲ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਸੂਰ ਨਹਿਰ ਵਿਖੇ ਨਾਜਾਇਜ਼ ਮਾਈਨਿੰਗ ਹੋਣ ਦੀ ਸੂਚਨਾ ਬੇਲਦਾਰ ਦਰਸ਼ਨ ਸਿੰਘ ਨੂੰ ਮਿਲੀ ਸੀ। ਦੇਰ ਰਾਤ ਨੂੰ ਪਤਾ ਲੱਗਣ 'ਤੇ ਨਹਿਰੀ ਵਿਭਾਗ 'ਚ ਤਾਇਨਾਤ ਬੇਲਦਾਰ ਦਰਸ਼ਨ ਸਿੰਘ ਨੇ ਨਾਜਾਇਜ ਮਾਈਨਿੰਗ ਕਰ ਰਹੇ ਇੱਕ ਟਰੈਕਟਰ ਟਰਾਲੀ ਨੂੰ ਰੋਕ ਕੇ ਮੁਲਜ਼ਮ ਨੂੰ ਰੈਸਟ ਹਾਊਸ 'ਚ ਲਿਜਾਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਮੁਲਜ਼ਮਾਂ ਨੇ ਹਮਲਾ ਕਰਕੇ ਦਰਸ਼ਨ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਥਾਣਾ ਰੰਗੜ ਨੰਗਲ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਵਿਅਕਤੀ ਦੀ ਪਹਿਚਾਣ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।