ਚੰਡੀਗੜ੍ਹ: ਨਸ਼ਾ ਤਸਕਰੀ ਦੇ ਕੇਸ ਵਿੱਚ ਜੇਲ੍ਹ ਅੰਦਰ ਡੱਕੇ ਸਾਬਕਾ ਮੰਤਰੀ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ ਜ਼ਮਾਨਤ 'ਤੇ ਅੱਜ ਫੈਸਲਾ ਆ ਸਕਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਡਬਲ ਬੈਂਚ ਇਸ ਦੀ ਸੁਣਵਾਈ ਕਰੇਗਾ। ਪੰਜਾਬ ਵਿੱਚ ਸਰਕਾਰ ਬਦਲਣ ਮਗਰੋਂ ਮਜੀਠੀਆ ਫਰਵਰੀ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ।
ਦੱਸ ਦਈਏ ਕਿ ਪਿਛਲੀ ਕਾਂਗਰਸ ਸਰਕਾਰ ਨੇ ਉਸ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰਾਹਤ ਨਹੀਂ ਮਿਲੀ। ਮਜੀਠੀਆ ਦਾ ਕਹਿਣਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣਾਂ ਕਰਕੇ ਉਸ ਨੂੰ ਸਿਆਸੀ ਰੰਜਿਸ਼ ਵਿੱਚ ਫਸਾਇਆ ਹੈ।
SKM Protest: ਸੰਯੁਕਤ ਕਿਸਾਨ ਮੋਰਚਾ 500 ਜ਼ਿਲ੍ਹਿਆਂ 'ਚ ਕਰੇਗਾ 'ਵਾਅਦਾਖਿਲਾਫੀ ਵਿਰੋਧੀ ਸਭਾ', 18 ਜੁਲਾਈ ਤੋਂ ਹੋਵੇਗੀ ਸ਼ੁਰੂ
ਕਾਬਲੇਗੌਰ ਹੈ ਕਿ ਦੋ ਮਹੀਨੇ ਪਹਿਲਾਂ ਬਿਕਰਮ ਮਜੀਠੀਆ ਨੇ ਡਰੱਗਜ਼ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇਸ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਇਹ ਮਾਮਲਾ ਹਾਈ ਕੋਰਟ ਦੇ ਡਿਵੀਜ਼ਨਲ ਬੈਂਚ ਅੱਗੇ ਰੱਖਣ ਲਈ ਕਿਹਾ ਹੈ ਜਿਸ 'ਚ 2 ਜੱਜ ਸੁਣਵਾਈ ਕਰਨਗੇ।
ਦੱਸ ਦਈਏ ਕਿ ਡਰੱਗਜ਼ ਮਾਮਲੇ 'ਚ ਮਜੀਠੀਆ 'ਤੇ ਗੰਭੀਰ ਦੋਸ਼ ਲੱਗੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਸ਼ਾ ਤਸਕਰ ਸਤਪ੍ਰੀਤ ਸੱਤਾ ਮਜੀਠੀਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਸਰਕਾਰੀ ਕੋਠੀ ਵਿੱਚ ਵੀ ਰਹਿੰਦਾ ਰਿਹਾ ਸੀ। ਇੱਥੋਂ ਤੱਕ ਕਿ ਮਜੀਠੀਆ ਨੇ ਉਸ ਨੂੰ ਕਾਰ ਤੇ ਗੰਨਮੈਨ ਵੀ ਦਿੱਤੇ ਸਨ। ਇਸ ਵੀ ਇਲਜ਼ਾਮ ਹੈ ਕਿ ਮਜੀਠੀਆ ਚੋਣਾਂ ਲਈ ਨਸ਼ਾ ਤਸਕਰਾਂ ਤੋਂ ਫੰਡ ਲੈਂਦਾ ਰਿਹਾ ਹੈ। ਉਸ 'ਤੇ ਨਸ਼ਾ ਤਸਕਰਾਂ ਵਿਚਾਲੇ ਸਮਝੌਤਾ ਕਰਾਉਣ ਦਾ ਵੀ ਦੋਸ਼ ਹੈ।