ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀ ਜ਼ਮਾਨਤ ਅਰਜ਼ੀ 'ਤੇ ਪੰਜਾਬ ਹਰਿਆਣਾ ਹਾਈਕੋਰਟ ਸੋਮਵਾਰ (ਅੱਜ) ਨੂੰ ਸੁਣਵਾਈ ਕਰੇਗਾ। ਪਟੀਸ਼ਨ 'ਚ ਸਿੰਗਲਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਕੋਲੋ ਨਾ ਕੋਈ ਪੈਸਾ ਰਿਕਵਰ ਹੋਇਆ ਤੇ ਨਾ ਹੀ ਉਨ੍ਹਾਂ ਨੇ ਕੋਈ ਜ਼ੁਰਮ ਕਬੂਲ ਨਹੀਂ ਕੀਤਾ ਹੈ।
ਸਿੰਗਲਾ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਦਾਇਰ ਕਰ ਦਿੱਤੀ ਗਈ ਹੈ ਜਿਸ 'ਤੇ ਹਾਈਕੋਰਟ ਨੇ ਕਿਹਾ ਕਿ ਉਹ ਸਰਕਾਰ ਦਾ ਪੱਖ ਦੇਖ ਕੇ ਫੈਸਲਾ ਦੇਣਗੇ। ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ।
ਹਾਈ ਕੋਰਟ ਵਿੱਚ ਸਿੰਗਲਾ ਦੇ ਵਕੀਲ ਨੇ ਕਿਹਾ ਕਿ ਰਿਕਾਰਡਿੰਗ ਵਿੱਚ ਜੋ ਆਵਾਜ਼ ਸਬੂਤ ਵਜੋਂ ਦੱਸੀ ਜਾ ਰਹੀ ਹੈ, ਉਹ ਸਪੱਸ਼ਟ ਨਹੀਂ ਹੈ। ਸਿੰਗਲਾ ਪਹਿਲਾਂ ਹੀ ਆਪਣੀ ਆਵਾਜ਼ ਦਾ ਨਮੂਨਾ ਦੇ ਚੁੱਕੇ ਹਨ। ਉਨ੍ਹਾਂ ਕੋਲੋਂ ਪੈਸੇ ਦੀ ਬਰਾਮਦਗੀ ਦਾ ਕੋਈ ਸਬੂਤ ਨਹੀਂ। ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਵਿਵਾਦਪੂਰਨ ਹੈ। ਉਹ ਪੰਜਾਬ ਸਰਕਾਰ ਦੀ ਸਟੇਟਸ ਰਿਪੋਰਟ ਦੇਖ ਕੇ ਹੀ ਕੋਈ ਫੈਸਲਾ ਦੇਣਗੇ।
ਸੀਐਮ ਭਗਵੰਤ ਮਾਨ ਨੇ ਸਿਹਤ ਮੰਤਰੀ ਸਿੰਗਲਾ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਸੀ ਕਿ ਸਿੰਗਲਾ ਸਿਹਤ ਵਿਭਾਗ ਦੇ ਹਰ ਕੰਮ ਲਈ 1 ਫੀਸਦੀ ਕਮਿਸ਼ਨ ਮੰਗ ਰਹੇ ਹਨ। ਇਸ ਸਬੰਧੀ ਜਦੋਂ ਸਿੰਗਲਾ ਨੂੰ ਪੁੱਛਿਆ ਤਾਂ ਉਸ ਨੇ ਪੈਸੇ ਮੰਗਣ ਦੀ ਗੱਲ ਮੰਨ ਲਈ।