ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ  : ਪੰਜਾਬ ਕੈਬਨਿਟ ਦਾ ਪਹਿਲਾ ਵਿਸਥਾਰ ਅੱਜ ਹੋਵੇਗਾ।  ਭਗਵੰਤ ਮਾਨ ਦੇ ਮੰਤਰੀਮੰਡਲ ਦਾ ਵਿਸਥਾਰ ਪੰਜਾਬ ਰਾਜਭਵਨ 'ਚ ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ। ਸ਼ਾਮ 5 ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਦੌਰਾਨ ਡਾ. ਇੰਦਰਬੀਰ ਸਿੰਘ ਨਿੱਝਰ, ਅਮਨ ਅਰੋੜਾ, ਫੌਜਾ ਸਿੰਘ ਸਰਾਰੀ, ਚੇਤਨ ਸਿੰਘ ਜੋਡਾਮਾਜਰਾ, ਅਨਮੋਲ ਗਗਨ ਮਾਨ ਅੱਜ ਸਹੁੰ ਚੁੱਕਣਗੇ।


ਇਸ ਦੌਰਾਨ ਦਿੱਗਜ਼ਾਂ ਨੂੰ ਹਰਾਉਣ ਵਾਲਿਆਂ ਨੂੰ ਕੁਰਸੀ ਮਿਲਣ ਦੀ ਆਸ ਹੈ ਤੇ ਮੌਜੂਦਾ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਹੋ ਰਹੀ ਹੈ। ਵਿਜੇ ਸਿੰਗਲਾ ਨੂੰ ਕੱਢਣ ਕਰਕੇ ਸਿਹਤ ਮੰਤਰੀ ਦੀ ਕੁਰਸੀ ਵੀ ਖਾਲੀ ਹੈ। ਹੁਣ ਦੇਖਿਆ ਜਾਵੇਗਾ ਕਿ ਸਿਹਤ ਮੰਤਰੀ ਦੀ ਕੁਰਸੀ ਕਿਸ ਨੂੰ ਮਿਲਦੀ ਹੈ। ਮੁੱਖ ਮੰਤਰੀ ਸਣੇ ਮੌਜੂਦਾ ਵੇਲੇ ‘ਚ ਕੈਬਨਿਟ ‘ਚ 9 ਮੰਤਰੀ ਹਨ, 4 ਮੰਤਰੀ ਮਾਝਾ, 4 ਮਾਲਵਾ ਤੇ 1 ਦੋਆਬਾ ਤੋਂ ਹੈ।


ਸੰਗਰੂਰ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ 'ਤੇ ਮੰਤਰੀ ਮੰਡਲ ਵਿਸਥਾਰ ਲਈ ਦਬਾਅ ਵਧ ਗਿਆ ਹੈ। ਦੱਸ ਦਈਏ ਕਿ ਕਈ ਅਜਿਹੇ ਵਿਭਾਗ ਹਨ ਜੋ ਮੁੱਖ ਮੰਤਰੀ ਕੋਲ ਹਨ। ਰੁਝੇਵਿਆਂ ਕਾਰਨ ਉਹ ਕਈ ਵਿਭਾਗਾਂ ਵੱਲ ਧਿਆਨ ਨਹੀਂ ਦੇ ਪਾ ਰਹੇ ਹਨ। ਦਬਾਅ ਘਟਾਉਣ ਲਈ ਮੰਤਰੀ ਮੰਡਲ ਦਾ ਵਿਸਥਾਰ ਜ਼ਰੂਰੀ ਹੈ।


ਇਸ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਦਿੱਲੀ ਵਿੱਚ ਸੀਐਮ ਭਗਵੰਤ ਮਾਨ ਤੇ ‘ਆਪ’ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਹੋਈ ਮੀਟਿੰਗ ਵਿੱਚ ਕਥਿਤ ਤੌਰ ’ਤੇ ਚਰਚਾ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਤਿੰਨ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਲੋਕਾਂ ਦੇ ਨਾਵਾਂ 'ਤੇ ਚਰਚਾ ਹੋਈ। ਜਾਣਕਾਰੀ ਮੁਤਾਬਕ ਇਸ ਬੈਠਕ 'ਚ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਸ਼ਾਮਲ ਹੋਏ।


ਪੰਜਾਬ ਸਰਕਾਰ ਦੇ ਇਸ ਵਿਸਥਾਰ ਨਾਲ ਭਗਵੰਤ ਮਾਨ ਸਰਕਾਰ ਵਿੱਚ ਕੁੱਲ 15 ਮੰਤਰੀ ਹੋਣਗੇ। ਇਸ ਸਮੇਂ ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਨੌਂ ਮੰਤਰੀ ਹਨ। ਜਿਨ੍ਹਾਂ ਵਿੱਚੋਂ ਇੱਕ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ।