ਚੰਡੀਗੜ੍ਹ: ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਕਰੀਬੀ ਬਾਬਾ ਗੁਰਦੀਪ ਸਿੰਘ ਦੇ ਕਤਲ ਮਗਰੋਂ ਸਿਆਸਤ ਮੁੜ ਗਰਮਾ ਗਈ ਹੈ। ਮਜੀਠੀਆ ਨੇ ਇਸ ਦਾ ਇਲਜ਼ਾਮ ਕਾਂਗਰਸ ਲੀਡਰਾਂ 'ਤੇ ਲਾਉਂਦਿਆਂ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਸ਼ਹਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਰਹੇ ਹਨ।

ਉਧਰ ਰੰਧਾਵਾ ਨੇ ਮਜੀਠੀਆ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਮਜੀਠੀਆ ਅਕਾਲੀ ਦਲ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਮਜੀਠੀਆ ਆਪ ਅਕਾਲੀ ਦਲ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਲਈ ਹੀ ਉਹ ਅਜਿਹੇ ਮੁੱਦੇ ਉਭਾਰ ਰਿਹਾ ਹੈ।

ਰੰਧਾਵਾ ਨੇ ਕਿਹਾ ਕਿ ਅਸਲ ਵਿੱਚ ਮਜੀਠੀਆ ਤੇ ਗੈਂਗਸਟਰਾਂ ਦਾ ਗੱਠਜੋੜ ਹੈ। ਮਜੀਠੀਆ ਉਨ੍ਹਾਂ ਦਾ ਸਰਗਨਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਗੈਂਗਸਟਰਵਾਦ ਸ਼ੁਰੂ ਹੋਇਆ ਸੀ।ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਸੁਖਜਿੰਦਰ ਰੰਧਾਵਾ ਦਾ ਫੋਬੀਆ ਹੋ ਗਿਆ ਹੈ ਜੋ ਹਰ ਵੇਲੇ ਰੰਧਾਵਾ 'ਤੇ ਹੀ ਇਲਜ਼ਾਮ ਲਾਉਂਦਾ ਰਹਿੰਦਾ ਹੈ।

ਮਜੀਠੀਆ ਵੱਲੋਂ ਸੀਬੀਆਈ ਜਾਂਚ ਦੀ ਮੰਗ ਕਰਨ 'ਤੇ ਰੰਧਾਵਾ ਨੇ ਕਿਹਾ ਕਿ ਜੇ ਸਾਰੇ ਮਾਮਲੇ ਸੀਬੀਆਈ ਨੂੰ ਦੇਣੇ ਹਨ ਤਾਂ ਫਿਰ ਪੰਜਾਬ ਪੁਲਿਸ ਦੀ ਜ਼ਰੂਰਤ ਹੀ ਕੀ ਹੈ। ਰੰਧਾਵਾ ਨੇ ਕਿਹਾ ਅਕਾਲੀ ਲੀਡਰ ਬਾਬਾ ਗੁਰਦੀਪ ਸਿੰਘ ਦੇ ਕਤਲ ਦੀ ਜਾਂਚ ਚੱਲ ਰਹੀ ਹੈ। ਜਾਂਚ ਹੋਣ 'ਤੇ ਸਾਰਾ ਕੁਝ ਸਾਹਮਣੇ ਆ ਜਾਵੇਗਾ।