ਚੰਡੀਗੜ੍ਹ: ਡਰੱਗਜ਼ ਮਾਮਲੇ 'ਚ ਫਸੇ ਦਿੱਗਜ ਅਕਾਲੀ ਲੀਡਰ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਅਜੇ ਘਟੀਆਂ ਨਹੀਂ। ਬੇਸ਼ੱਕ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪਰ ਉਨ੍ਹਾਂ ਤੋਂ ਪੁੱਛ-ਪੜਤਾਲ ਜਾਰੀ ਹੈ। ਉਹ ਅੱਜ ਸਵੇਰੇ 11 ਵਜੇ ਮੋਹਾਲੀ 'ਚ ਵਿਸ਼ੇਸ਼ ਜਾਂਚ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ। ਇੱਥੇ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।

Continues below advertisement


ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਉਨ੍ਹਾਂ ਨੂੰ ਮੋਹਾਲੀ ਸਟੇਟ ਕ੍ਰਾਈਮ ਬ੍ਰਾਂਚ 'ਚ ਪੇਸ਼ ਹੋਣ ਲਈ ਕਿਹਾ ਸੀ। ਹਾਈਕੋਰਟ ਨੇ ਮਜੀਠੀਆ ਨੂੰ ਸ਼ਰਤਾਂ ਉੱਪਰ ਜ਼ਮਾਨਤ ਦਿੱਤੀ ਸੀ, ਜਿਸ ਵਿੱਚ ਹਾਈਕੋਰਟ ਨੇ ਕਿਹਾ ਸੀ ਕਿ ਮਜੀਠੀਆ ਨੂੰ ਲੋੜ ਪੈਣ 'ਤੇ ਜਾਂਚ ਏਜੰਸੀ ਅੱਗੇ ਪੇਸ਼ ਹੋਣਾ ਪਵੇਗਾ। ਇਸ ਦੇ ਨਾਲ ਹੀ ਅਗਲੀ ਸੁਣਵਾਈ ਤੱਕ ਮਜੀਠੀਆ ਦੇਸ਼ ਨਹੀਂ ਛੱਡਣਗੇ।


ਹਾਈਕੋਰਟ ਨੇ ਕਿਹਾ ਸੀ ਕਿ ਮਜੀਠੀਆ ਆਪਣਾ ਮੋਬਾਈਲ ਨੰਬਰ ਜਾਂਚ ਏਜੰਸੀ ਨੂੰ ਦੇਣਗੇ ਜੋ ਹਰ ਸਮੇਂ ਉਪਲਬਧ ਹੋਵੇ ਤੇ 24 ਘੰਟੇ ਚਾਲੂ ਰਹੇਗਾ। ਮਜੀਠੀਆ ਡਾਇਰੈਕਟ ਜਾਂ ਇਨ ਡਾਇਰੈਕਟ ਇਸ ਕੇਸ ਨਾਲ ਜੁੜੇ ਕਿਸੇ ਵੀ ਗਵਾਹ ਜਾਂ ਵਿਅਕਤੀ ਨਾਲ ਸੰਪਰਕ ਨਹੀਂ ਕਰਨਗੇ। ਮਜੀਠੀਆ ਵਟਸਐਪ ਰਾਹੀਂ ਜਾਂਚ ਏਜੰਸੀ ਨਾਲ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨਗੇ। ਮਜੀਠੀਆ ਨੂੰ 438(2) ਸੀਆਰਪੀਸੀ ਤਹਿਤ ਨਿਰਧਾਰਤ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।


ਦੱਸ ਦਈਏ ਕਿ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਸਭ ਤੋਂ ਪਹਿਲਾਂ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਉਨ੍ਹਾਂ ਨੇ ਮੀਡੀਆ ਨਾਲ ਗੱਲ ਕੀਤੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ਮੈਂ ਰਾਹੂ-ਕੇਤੂ ਯਾਨੀ ਸੀਐਮ ਚਰਨਜੀਤ ਚੰਨੀ ਤੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੂੰ ਠੀਕ ਕਰਾਂਗਾ। ਠੋਕੋ ਤਾਲੀ ਯਾਨੀ ਨਵਜੋਤ ਸਿੱਧੂ ਨੂੰ ਵੀ ਬੰਦੇ ਦਾ ਪੁੱਤ ਬਣਾ ਦੇਣਗੇ। ਮਜੀਠੀਆ ਨੇ ਇਹ ਵੀ ਕਿਹਾ ਕਿ ਜੇਕਰ ਸਮਰਥਕ ਚਾਹੁਣ ਤਾਂ ਉਹ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਖਿਲਾਫ ਚੋਣ ਲੜਨ ਲਈ ਤਿਆਰ ਹਨ।



ਇਹ ਵੀ ਪੜ੍ਹੋ: Punjab Election 2022: ਮੁੱਖ ਮੰਤਰੀ ਦੇ ਚਿਹਰੇ ਬਾਰੇ ਕੇਜਰੀਵਾਲ ਦਾ ਵੱਡਾ ਐਲਾਨ, ਕਾਂਗਰਸ 'ਤੇ ਬੋਲਿਆ ਤਿੱਖਾ ਹਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904