ਅੰਮ੍ਰਿਤਸਰ: ਬਾਬਾ ਬਕਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫ਼ਰੰਸ ਦੌਰਾਨ ਬਿਕਰਮ ਮਜੀਠੀਆ ਨੇ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਬੇਅਦਬੀ ਕਾਂਡ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕੋਈ ਅਕਾਲੀ ਵਰਕਰ ਜਾਂ ਨੇਤਾ ਇਸ ਵਿੱਚ ਦੋਸ਼ੀ ਪਾਇਆ ਤਾਂ ਮਜੀਠੀਆ ਅਕਾਲੀ ਦਲ ਤੋਂ ਅਸਤੀਫ਼ਾ ਦੇ ਦੇਣਗੇ।

ਉਨ੍ਹਾਂ ਕਿਹਾ ਕਿ ਜੇਕਰ ਗੁਰੂ ਗ੍ਰੰਥ ਸਾਹਿਬ 'ਤੇ ਕੋਈ ਸਿਆਸਤ ਕਰੇ ਤਾਂ ਉਸ ਦਾ ਕੱਖ ਨਾ ਰਹੇ। ਇਸ ਉੱਪਰ ਰਾਹੁਲ ਗਾਂਧੀ ਤੇ ਸੁਨੀਲ ਜਾਖੜ ਨੇ ਸਿਆਸਤ ਕੀਤੀ ਤੇ ਦੋਵੇਂ ਚੋਣਾਂ ਹਾਰ ਗਏ। ਨਵਜੋਤ ਸਿੱਧੂ ਦਾ ਨਾਂ ਲਏ ਬਗੈਰ ਕਿਹਾ ਕਿ ਇੱਕ ਹੋਰ ਮੰਤਰੀ ਜੋ ਸਭ ਤੋਂ ਵੱਧ ਰੌਲਾ ਪਾਉਂਦਾ ਸੀ, ਉਹ ਕਿੱਥੇ ਗਿਆ, ਇਹ ਉਸ ਤੋਂ ਹੀ ਸਮਝ ਲੈਣਾ ਚਾਹੀਦਾ ਹੈ।

ਪਾਕਿਸਾਤਨ ਦੇ ਮੰਤਰੀ ਫ਼ਵਾਦ ਚੌਧਰੀ ਵੱਲੋਂ ਬੀਤੇ ਦਿਨੀਂ ਪੰਜਾਬੀ ਫੌਜੀਆਂ ਬਾਰੇ ਦਿੱਤੇ ਬਿਆਨ ਬਾਰੇ ਬਿਕਰਮ ਨੇ ਕਿਹਾ ਕਿ ਉਸ ਨੂੰ ਆਪਣੇ ਦੇਸ਼ ਦੀ ਫਿਕਰ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਫੌਜ ਨੇ ਹੀ ਉਸ ਨੂੰ ਪੁੱਠਾ ਟੰਗ ਦੇਣਾ ਹੈ ਜਦਕਿ ਭਾਰਤ ਦੀ ਆਜ਼ਾਦੀ ਵਿੱਚ 90 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ ਹੈ। ਇਹ ਗੱਲ ਫਵਾਦ ਚੌਧਰੀ ਨੂੰ ਯਾਦ ਰੱਖਣੀ ਚਾਹੀਦੀ ਹੈ।

ਆਮ ਆਦਮੀ ਪਾਰਟੀ ਨੂੰ ਛੋਟੀ ਕਾਂਗਰਸ ਕਹਿੰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਖੇਡ ਰਹੇ ਹਨ। ਉਨ੍ਹਾਂ ਨੇ ਫੂਲਕਾ ਨੂੰ ਵੀ ਆੜੇ ਹੱਥੀਂ ਲਿਆ ਤੇ ਕਿਹਾ ਕਿ ਉਹ ਸਿਆਸਤ ਬੰਦ ਕਰਨ ਕਿਉਂਕਿ 35 ਸਾਲ ਬਾਅਦ ਵੀ ਉਹ ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਨਹੀਂ ਡੱਕ ਸਕੇ। ਉਹ ਵੀ ਕੰਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਿੱਟ ਨੇ ਕੀਤਾ ਹੈ। ਬਿਕਰਮ ਮਜੀਠੀਆ ਨੇ ਸਰਕਾਰ ਨੂੰ ਕਿਸਾਨ ਵਿਰੋਧੀ, ਮੁਲਾਜ਼ਮ ਵਿਰੋਧੀ ਤੇ ਹਰੇਕ ਵਰਗ ਦੀ ਵਿਰੋਧੀ ਦੱਸਿਆ ਤੇ ਕਿਹਾ ਕਿ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਵੀ ਕਰਵਾਏ ਜਾ ਰਹੇ ਹਨ।