ਚੰਡੀਗੜ੍ਹ: ਡਰਗੱਜ਼ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਅੱਜ ਖ਼ਤਮ ਹੋ ਗਈ ਸੀ। ਡਰੱਗਜ਼ ਮਾਮਲੇ 'ਚ ਮੋਹਾਲੀ ਦੀ ਅਦਾਲਤ ਨੇ 8 ਮਾਰਚ ਤੱਕ ਉਨ੍ਹਾਂ ਨੂੰ ਪਟਿਆਲਾ ਜੇਲ੍ਹ 'ਚ ਭੇਜਿਆ ਸੀ। ਮਜੀਠੀਆ ਨੂੰ ਅੱਜ ਮੁਹਾਲੀ ਕੋਰਟ 'ਚ ਪੇਸ਼ ਕੀਤਾ ਗਿਆ।ਅਦਾਲਤ ਨੇ ਬਿਕਰਮ ਮਜੀਠੀਆ ਨੂੰ 22 ਮਾਰਚ ਤੱਕ ਮੁੜ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।



ਮਜੀਠੀਆ ਨੇ ਮੀਡੀਆ ਨੂੰ ਕਿਹਾ, "ਕਾਂਗਰਸ ਸ਼ੁਰੂ ਤੋਂ ਚਾਹੁੰਦੀ ਸੀ ਕਿ ਮੈਂ ਚੋਣ ਨਾ ਲੜ੍ਹ ਸਕਾਂ।" ਉਨ੍ਹਾਂ ਮੁੱਛਾਂ ਨੂੰ ਵੱਟ ਦਿੰਦੇ ਹੋਏ ਕਿਹਾ, "ਬਿਕਰਮ ਮਜੀਠੀਆ ਹਮੇਸ਼ਾ ਚੜ੍ਹਦੀ ਕਲਾ 'ਚ ਹੈ। ਲੋਕਤੰਤਰ ਦਾ ਘਾਣ ਕਰਨ 'ਤੇ ਮਾਨਯੋਗ ਅਦਾਲਤ ਨੇ ਵੀ ਚਿੰਤਾ ਜਤਾਈ ਹੈ। ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਨੇ, ਮੈਂ ਸੁਪਰੀਮ ਕੋਰਟ ਦੀ ਅਗਵਾਈ 'ਚ ਚੋਣ ਲੜ ਲਈ, ਸਰਕਾਰਾਂ ਆਪਣਾਂ ਕੰਮ ਕਰਨ। ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ, ਜਿੱਤ ਸੱਚਾਈ ਦੀ ਹੋਣੀ ਹੈ, ਮੈਂ ਉਸ ਨੂੰ ਸਮਰਪਿਤ ਹਾਂ। ਇਹ ਮਜੀਠੀਆ ਦਾ ਮਨੋਬਲ ਨਹੀਂ ਤੋੜ ਸਕਦੇ।"

ਐਗਜ਼ਿਟ ਪੋਲ ਦੇ ਨਤੀਜਿਆ ਤੇ ਬਿਕਰਮ ਮਜੀਠੀਆ ਨੇ ਕਿਹਾ ਕਿ "ਐਗਜ਼ਿਟ ਪੋਲ ਤੇ ਅਸਲ ਨਤੀਜਿਆ 'ਚ ਫਰਕ ਹੁੰਦਾ ਹੈ। ਇਹ ਤਾਂ ਆਮ ਆਦਮੀ ਪਾਰਟੀ ਨੂੰ ਫਿਕਰ ਕਰਨਾ ਚਾਹੀਦਾ ਹੈ। ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ 100 ਸੀਟਾਂ ਐਗਜ਼ਿਟ ਪੋਲ 'ਚ ਮਿਲ ਰਹੀਆਂ ਸੀ ਉਦੋਂ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ 20 ਸੀਟਾਂ ਹੀ ਮਿਲੀਆਂ ਸੀ। ਇਸ ਵਾਰ ਇਨ੍ਹਾਂ ਨੂੰ 50 ਸੀਟਾਂ ਦੇ ਰਹੇ ਹਨ ਕਿਤੇ ਇਸ ਵਾਰ ਆਮ ਆਦਮੀ ਪਾਰਟੀ 10 ਤੇ ਨਾ ਰਹਿ ਜਾਏ।"