ਚੰਡੀਗੜ੍ਹ: ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਤਨੀ 'ਤੇ ਵਿਧਾਇਕ ਗਨੀਵ ਕੌਰ ਨੇ ਪੰਜਾਬ ਦੇ ਰਾਜਪਾਲ ਤੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਹਰਪ੍ਰੀਤ ਸਿੱਧੂ ਨੂੰ ਜੇਲ੍ਹਾਂ ਦੇ ਅਹੁੱਦੇ ਤੋਂ ਹੱਟਾਉਣ ਦੀ ਮੰਗ ਕੀਤੀ ਹੈ।ਗਨੀਵ ਕੌਰ ਦਾ ਕਹਿਣ ਹੈ ਕਿ ਮਜੀਠੀਆ ਨੂੰ ਹਰਪ੍ਰੀਤ ਸਿੱਧੂ ਤੋਂ ਜਾਨ ਦਾ ਖ਼ਤਰਾ ਹੈ। 


ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵੱਲੋਂ ਡੀ ਜੀ ਪੀ ਨੂੰ ਲਿਖੇ ਪੱਤਰ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੁੰ ਵੀ ਭੇਜੀ ਗਈ ਹੈ।ਗਨੀਵ ਕੌਰ ਨੇ ਇਹ ਹਵਾਲਾ ਦਿੱਤਾ ਹੈ ਕਿ ਹਰਪ੍ਰੀਤ ਸਿੱਧੂ ਦੀ ਉਨ੍ਹਾਂ ਨਾਲ ਪੁਰਾਣੀ ਦੁਸ਼ਮਣੀ ਹੈ ਅਤੇ ਉਹ ਪਹਿਲਾਂ ਵੀ ਮਜੀਠੀਆ ਨੂੰ ਝੂਠੇ ਕੇਸਾਂ 'ਚ ਤੰਗ ਪਰੇਸ਼ਾਨ ਕਰਦਾ ਰਿਹਾ ਹੈ।


ਦੱਸ ਦੇਈਏ ਕਿ ਬਿਕਰਮ ਮਜੀਠੀਆ ਪਟਿਆਲਾ ਜੇਲ੍ਹ 'ਚ ਬੰਦ ਹਨ।ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਮਜੀਠੀਆ ਦੀ ਜਾਨ ਨੂੰ ਖ਼ਤਰਾ ਹੈ।ਗਨੀਵ ਕੌਰ ਨੇ ਕਿਹਾ ਕਿ ADGP ਜੇਲ੍ਹ ਹਰਪ੍ਰੀਤ ਸਿੱਧੂ ਨੂੰ ਨਾ ਸਿਰਫ ਅਹੁਦੇ ਤੋਂ ਹਟਾਇਆ ਜਾਵੇ ਬਲਕਿ ਉਹਨਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇ। ਗਨੀਵ ਕੌਰ ਨੇ ਪੱਤਰ 'ਚ ਲਿਖਿਆ ਕਿ ਸਿੱਧੂ ਨੇ ਪਹਿਲਾਂ ਵੀ ਦੁਸ਼ਮਣੀ ਕੱਢਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। 


ਉਨਾਂ ਕਿਹਾ ਕਿ ਕਈ ਪੀੜ੍ਹੀਆਂ ਤੋਂ ਦੋਨਾਂ ਪਰਿਵਾਰਾਂ ਵਿੱਚ ਆਪਸੀ ਦੁਸ਼ਮਣੀ ਚੱਲ ਰਹੀ ਹੈ।ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੱਧੂ ਦੀ ਮਾਤਾ ਅਤੇ ਮਜੀਠੀਆ ਦੀ ਚਾਚੀ ਦੋਨੋਂ ਸਕੀਆਂ ਭੈਣਾਂ ਸੀ। ਮਜੀਠੀਆ ਦੀ ਚਾਚੀ ਦੀ ਮੌਤ ਹੋ ਗਈ ਸੀ। ਜਿਸ ਦੇ ਲਈ ਸਿੱਧੂ ਪਰਿਵਾਰ ਮਜੀਠੀਆ ਪਰਿਵਾਰ ਨੂੰ ਮੌਤ ਦਾ ਜ਼ਿੰਮੇਵਾਰ ਮੰਨਦਾ ਹੈ।ਗਨੀਵ ਕੌਰ ਨੇ ਅੱਗੇ ਕਿਹਾ ਕਿ ਦੁਸ਼ਮਣੀ ਇੰਨੀ ਗਹਿਰੀ ਹੈ ਕਿ ਸਿੱਧੂ ਦੇ ਪਿਤਾ ਦੇ ਸੁਰੱਖਿਆ ਮੁਲਾਜ਼ਮ ਨੇ ਮਜੀਠੀਆ ਦੇ ਦਾਦੇ 'ਤੇ ਗੋਲੀ ਵੀ ਚਲਾ ਦਿੱਤੀ ਸੀ।


ਗਨੀਵ ਕੌਰ ਨੇ ਆਰੋਪ ਲਾਉਂਦੇ ਕਿਹਾ ਕਿ ਹਰਪ੍ਰੀਤ ਸਿੱਧੂ ਨੇ ਪਰਿਵਾਰਕ ਦੁਸ਼ਮਣੀ ਕੱਢਣ ਲਈ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨਾਲ ਰਲ਼ ਕੇ ਮਜੀਠੀਆ ਨੂੰ ਝੂਠੇ ਕੇਸ 'ਚ ਫਸਾਇਆ।ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਸਿੱਧੂ ਦੀ STF ਵੱਲੋਂ ਕੀਤੀ ਜਾਂਚ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਕੀਤੀ।ਅਦਾਲਤ ਦੀ ਉਲੰਘਣ ਕਰਕੇ ਹਰਪ੍ਰੀਤ ਸਿੱਧੂ ਨੇ ਨਵਜੋਤ ਸਿੱਧੂ ਤੇ ਡਾ. ਨਵਜੋਤ ਕੌਰ ਸਿੱਧੂ ਨਾਲ ਮਿਲਕੇ ਰਿਪੋਰਟ ਲੀਕ ਕਰਵਾਈ।


ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਪਿਛਲੀ ਸਰਕਾਰ ਦੀ ਮਿਆਦ ਖ਼ਤਮ ਹੋਣ ਵਾਲੀ ਸੀ ਤਾਂ ਹਰਪ੍ਰੀਤ ਸਿੱਧੂ ਨੇ ਝੂਠੀ ਰਿਪੋਰਟ ਸੌਂਪ ਕੇ ਮਜੀਠੀਆ ਖਿਲਾਫ ਕੇਸ ਦਰਜ ਕਰਵਾਇਆ।