ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ 8 ਜੂਨ ਯਾਨੀ ਅੱਜ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਹੋਵੇਗੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਸਿੱਧੂ ਦੇ ਫੈਨਸ ਨੂੰ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
ਇਸ ਦਿਨ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਸਤਾਰ ਸਜਾ ਕੇ ਸਿੱਧੂ ਨੂੰ ਸ਼ਰਧਾਂਜਲੀ ਦੇਣ ਪਹੁੰਚਣ ਕਿਉਂਕਿ ਇਹ ਉਸ ਗਾਇਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਸ ਨੂੰ ਆਪਣੀ ਵਿਰਾਸਤ 'ਤੇ ਮਾਣ ਸੀ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਵੀ ਪੱਗ ਬੰਨ੍ਹਦੇ ਸਨ ਤੇ ਉਹ ਆਪਣੇ ਗੀਤਾਂ ਵਿੱਚ ਵੀ ਦਸਤਾਰ ਦੇ ਨਾਲ ਹੀ ਨਜ਼ਰ ਆਉਂਦੇ ਸੀ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਸੁਰੱਖਿਆ 'ਚ ਕਟੌਤੀ ਦੇ ਦੂਜੇ ਦਿਨ ਹੀ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਨਾਲ ਸਬੰਧਤ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਤੇ ਇਸ ਕਤਲ ਵਿੱਚ ਸ਼ਾਮਲ 8 ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ। ਇਹ ਸਾਰੇ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ, ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਹੈ। ਪੁਲੀਸ ਨੇ ਅੱਠ ਵਿਅਕਤੀਆਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਕਤਲੇਆਮ ਵਿੱਚ ਪੰਜਾਬ ਤੋਂ ਪੁਣੇ ਤੱਕ ਤਾਰ ਜੁੜੇ ਹਨ। ਮੂਸੇਵਾਲਾ ਕਤਲੇਆਮ ਨਾਲ ਸਬੰਧਤ ਸ਼ੂਟਰਾਂ ਨੂੰ ਫੜਨ ਲਈ ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਤੇਜ਼ੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਜਿਨ੍ਹਾਂ ਅੱਠ ਸ਼ੂਟਰਾਂ ਦੀ ਪਛਾਣ ਕੀਤੀ ਹੈ, ਉਨ੍ਹਾਂ ਵਿੱਚੋਂ ਦੋ ਸ਼ੂਟਰ ਮਹਾਰਾਸ਼ਟਰ, ਦੋ ਹਰਿਆਣਾ, ਤਿੰਨ ਪੰਜਾਬ ਅਤੇ ਇੱਕ ਰਾਜਸਥਾਨ ਦੇ ਹਨ। ਮਹਾਰਾਸ਼ਟਰ ਦੇ ਰਹਿਣ ਵਾਲੇ ਦੋਵਾਂ ਸ਼ੂਟਰਾਂ ਦੀ ਪਛਾਣ ਹੋ ਗਈ ਹੈ, ਦੋਵੇਂ ਪੁਣੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੋਵਾਂ ਦਾ ਨਾਂ ਸੌਰਭ ਮਹਾਕਾਲ ਤੇ ਸੰਤੋਸ਼ ਜਾਧਵ ਦੱਸਿਆ ਹੈ ਤੇ ਦੋਵਾਂ ਦੀ ਤਸਵੀਰ ਵੀ ਜਾਰੀ ਕੀਤੀ ਹੈ।