ਚੰਡੀਗੜ੍ਹ: ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਕਾਂਗਰਸ 'ਤੇ ਧੱਕੇਸ਼ਾਹੀ ਦਾ ਇਲਜ਼ਾਮ ਲਾਇਆ। ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਂਗਰਸ ਦੀ ਧੱਕੇਸ਼ਾਹੀ ਦੇਖ ਕੇ ਖ਼ੁਦ ਸੜਕਾਂ 'ਤੇ ਉੱਤਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਪਹਿਲਾਂ ਹੀ ਕੇਂਦਰੀ ਸੁਰੱਖਿਆ ਬਲ ਲਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਨਾ ਮੰਨਣ ਦਾ ਨਤੀਜਾ ਅੱਜ ਵੇਖਿਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੋਣ ਕਮਿਸ਼ਨ ਵੀ ਪੰਜਾਬ ਸਰਕਾਰ ਦੇ ਹੱਥਾਂ ਵਿੱਚ ਹੀ ਖੇਡਦਾ ਵਿਖਾਈ ਦੇ ਰਿਹਾ ਹੈ। ਮਜੀਠੀਆ ਨੇ ਦੋਸ਼ ਲਾਏ ਕੇ ਪੁਲਿਸ ਅਫ਼ਸਰ ਸਮੇਤ ਕਾਂਗਰਸ ਲੀਡਰ ਚੋਣਾਂ ਦੌਰਾਨ ਗੁੰਡਾਗਰਦੀ 'ਤੇ ਉੱਤਰ ਆਏ ਸਨ। ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਜੇਕਰ ਸਿੱਧੂ ਦੀ ਪਾਕਿਸਤਾਨ ਸਰਕਾਰ ਨਾਲ ਇੰਨੀ ਹੀ ਦੋਸਤੀ ਹੈ ਤਾਂ ਕਿਉਂ ਨਹੀਂ ਭਾਰਤ ਵਿੱਚ ਦਹਿਸ਼ਤ ਫੈਲਾਉਣ ਵਾਲੇ ਹਾਫਿਜ਼ ਸਈਦ ਵਰਗੇ ਦਹਿਸ਼ਤਗਰਦਾਂ ਨੂੰ ਭਾਰਤ ਦੀਆਂ ਜੇਲ੍ਹਾਂ 'ਚ ਲਿਆਂਦਾ ਜਾਵੇ। ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਕਰਤਾਰਪੁਰ ਲਾਂਘੇ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਇਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕਰ ਸਕਦੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਝੂਠ 'ਤੇ ਆਪਣੀ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਚਿੱਠੀ ਕਰਤਾਰਪੁਰ ਲਾਂਘੇ ਸਬੰਧੀ ਭਾਰਤ ਸਰਕਾਰ ਨੂੰ ਨਹੀਂ ਲਿਖੀ ਗਈ, ਇਸ ਬਿਆਨ ਤੋਂ ਨਵਜੋਤ ਸਿੰਘ ਸਿੱਧੂ ਦਾ ਝੂਠ ਬੇਨਕਾਬ ਹੁੰਦਾ ਹੈ।