ਹੁਣ ਨਿਊਯਾਰਕ ’ਚ ਹੋਏਗੀ ਕਰਤਾਰਪੁਰ ਲਾਂਘੇ ’ਤੇ ਗੱਲਬਾਤ !
ਏਬੀਪੀ ਸਾਂਝਾ | 19 Sep 2018 04:32 PM (IST)
ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਵਾਉਣ ਦੇ ਮੁੱਦੇ ’ਤੇ ਸਿਆਸਤ ਜ਼ੋਰਾਂ ’ਤੇ ਹੈ। ਕੱਲ੍ਹ ਇਸ ਸਬੰਧੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ। ਇਸੇ ਦੌਰਾਨ ਖ਼ਬਰਾਂ ਹਨ ਕਿ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਿਊਯਾਰਕ ਵਿੱਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਸਾਰਕ ਕੌਂਸਲ ਬੈਠਕ ਦੌਰਾਨ ਇਸ ਮੁੱਦੇ ਬਾਰੇ ਵੀ ਚਰਚਾ ਕਰ ਸਕਦੇ ਹਨ। ਭਾਰਤ ਤੇ ਪਾਕਿਸਤਾਨ ਆਪਣੇ ਵਿਦੇਸ਼ ਮੰਤਰੀਆਂ ਵਿਚਾਲੇ ਸੰਭਾਵੀ ਬੈਠਕ ਲਈ ਆਪਣੇ ਸਬੰਧਤ ਮਿਸ਼ਨ ਤੇ ਮੰਤਰਾਲਿਆਂ ਦੇ ਮਾਧਿਅਮ ਰਾਹੀਂ ਚਰਚਾ ਕਰ ਰਹੇ ਹਨ। ਦੋਵਾਂ ਧਿਰਾਂ ਦੇ ਸੂਤਰਾਂ ਨੇ ਦੱਸਿਆ ਕਿ ਸੁਸ਼ਮਾ ਸਵਰਾਜ ਤੇ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਨਿਊਯਾਰਕ ਵਿੱਚ ਹੋਣ ਵਾਲੀ ਵਿਦੇਸ਼ ਮੰਤਰੀਆਂ ਦੀ ਸਾਰਕ ਕੌਂਸਲ ਬੈਠਕ ਲਈ ਪ੍ਰਸਤਾਵ ਤਿਆਰ ਹੋ ਗਿਆ ਹੈ। ਇਸ ਬੈਠਕ ਲਈ 27 ਸਤੰਬਰ ਦਾ ਸਮਾਂ ਤੈਅ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸਾਰਕ ਬੈਠਕ ਤੋਂ ਇੱਕ ਦਿਨ ਪਹਿਲਾਂ ਸਵਰਾਜ ਤੇ ਇਮਰਾਨ ਖ਼ਾਨ ਦੀ ਕੈਬਨਿਟ ਦੇ ਨਵੇਂ ਬਣੇ ਵਿਦੇਸ਼ ਮੰਤਰੀ ਵਿਚਾਲੇ ਦੁਵੱਲੀ ਗੱਲਬਾਤ ਹੋ ਸਕਦੀ ਹੈ। ਇਹ ਮੀਟਿੰਗ ਉਸ ਸਾਰਕ ਸੰਮੇਲਨ ’ਤੇ ਲੱਗਾ ਡੈੱਡਲਾਕ ਤੋੜਨ ਵਿੱਚ ਮਦਦ ਕਰੇਗੀ ਜਿਸ ਨੂੰ ਪਾਕਿਸਤਾਨ ਨੇ ਹੋਸਟ ਕੀਤਾ ਸੀ ਪਰ ਉੜੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਸੰਮੇਲਨ ਦਾ ਬਾਈਕਾਟ ਕਰ ਦਿੱਤਾ ਸੀ। ਫਿਲਹਾਲ ਪਾਕਿਸਤਾਨੀ ਵਿਦੇਸ਼ ਮੰਤਰੀ ਪੀਐਮ ਇਮਰਾਨ ਖ਼ਾਨ ਨਾਲ ਸਾਊਦੀ ਅਰਬ ਦੀ ਵਿਦੇਸ਼ ਯਾਤਰਾ ’ਤੇ ਹਨ।