ਨਿਊਯਾਰਕ: ਅਮਰੀਕਾ ਦੇ ਪ੍ਰਵਾਸ ਵਿਭਾਗ ਦਾ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। 51 ਸਾਲਾ ਕੰਵਰ ਸਰਬਜੀਤ ਸਿੰਘ ਸੋਸ਼ਲ ਮੀਡੀਆ ਪਲੇਟਫਾਰਮ ਵ੍ਹੱਟਸਐਪ ਤੇ ਫੇਸਬੁੱਕ ਰਾਹੀਂ ਲੋਕਾਂ ਨੂੰ ਅਮਰੀਕਾ ਦਾ ਵੀਜ਼ਾ ਦਿਵਾਉਣ ਦਾ ਝਾਂਸਾ ਦਿੰਦਾ ਰਹਿੰਦਾ ਸੀ।
ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਵਿੱਚ ਦਾਇਰ ਬਿਆਨ ਮੁਤਾਬਕ ਸਰਬਜੀਤ ਖ਼ੁਦ ਨੂੰ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਵਿਭਾਗ (ਡੀਐਚਐਸ) ਦਾ ਕਰਮਚਾਰੀ ਦੱਸਦਾ ਸੀ ਤੇ ਆਪਣੇ ਆਪ ਨੂੰ ਅਮਰੀਕੀ ਇੰਮੀਗ੍ਰੇਸ਼ਨ ਤੇ ਨੈਚੂਰਲਾਈਜ਼ੇਸ਼ਨ ਸਰਵਿਸ ਵਿਭਾਗ ਵਿੱਚ ਤਾਇਨਾਤ ਹੋਣ ਦਾ ਦਾਅਵਾ ਕਰਦਾ ਸੀ। ਉਹ ਲੋਕਾਂ ਨੂੰ ਤੋਂ 3,000 ਤੇ 4,000 ਅਮਰੀਕੀ ਡਾਲਰ (2.18 ਤੋਂ ਲੈ ਕੇ 2.91 ਲੱਖ ਰੁਪਏ) ਤਕ ਦੀ ਮਾਮੂਲੀ ਫੀਸ ਵਿੱਚ ਅਸਲੀ ਵੀਜ਼ਾ ਦਿਵਾਉਣ ਦੀ ਪੇਸ਼ਕਸ਼ ਕਰਦਾ ਸੀ।
ਸਰਬਜੀਤ ਲੋਕਾਂ ਨੂੰ ਆਪਣੇ ਪਾਸਪੋਰਟ, ਤਸਵੀਰਾਂ ਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਤੇ ਰਾਤੋ-ਰਾਤ ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਲਈ ਵਰਤੇ ਜਾਂਦੇ ਵਾਇਰ ਟ੍ਰਾਂਸਫਰ ਰਾਹੀਂ ਫੀਸ ਭੇਜਣ ਲਈ ਕਹਿੰਦਾ ਸੀ। ਪੈਸੇ ਆਉਣ ਤੋਂ ਬਾਅਦ ਉਹ ਲੋਕਾਂ ਨੂੰ ਅਮਰੀਕੀ ਅੰਬੈਸੀ ਦੀਆਂ ਜਾਅਲੀ ਚਿੱਠੀਆਂ ਤਿਆਰ ਕਰ ਕੇ ਭੇਜ ਦਿੰਦਾ ਸੀ, ਜਿਸ ਵਿੱਚ ਲਿਖਿਆ ਹੁੰਦਾ ਸੀ ਕਿ ਉਹ ਆਪਣਾ ਵੀਜ਼ਾ ਨਵੀਂ ਦਿੱਲੀ ਵਿੱਚ ਅਮਰੀਕੀ ਅੰਬੈਸੀ ਆ ਕੇ ਲਵਾ ਲੈਣ। ਕੰਵਰ ਸਰਬਜੀਤ ਦੇ ਜ਼ਿਆਦਾਤਰ ਸ਼ਿਕਾਰ ਆਰਥਿਕ ਪੱਖੋਂ ਕਮਜ਼ੋਰ ਲੋਕ ਹੁੰਦੇ ਸਨ।
ਕੰਵਰ ਸਰਬਜੀਤ ਸਿੰਘ ਨੇ ਨਾ ਸਿਰਫ਼ ਵੀਜ਼ਾ ਫਰਾਡ ਕਬੂਲ ਕੀਤਾ ਬਲਕਿ ਸਾਲ 2012 ਵਿੱਚ 22 ਲੋਕਾਂ ਤੋਂ 3,40,000 ਡਾਲਰ (2.47 ਕਰੋੜ ਰੁਪਏ) ਨਿਵੇਸ਼ ਸਕੀਮ ਦੇ ਨਾਂ ਹੇਠ ਠੱਗ ਲਏ। ਇਸ ਲਈ ਉਸ ਨੇ ਟੈਨੇਸੀ ਦੇ ਚਰਚ ਦੇ ਪਾਦਰੀ ਤੇ ਉੱਥੋਂ ਦੇ ਹੋਰ ਮੈਂਬਰਾਂ ਰਾਹੀਂ ਆਪਣਾ ਜਾਲ ਫੈਲਾਇਆ ਤੇ ਭਾਰਤ ਵਿੱਚ ਕੰਪਨੀ ਦਾ ਮਾਲਕ ਹੋਣ ਦਾ ਦਾਅਵਾ ਕਰ ਤਕਰਬੀਬ ਢਾਈ ਕਰੋੜ ਰੁਪਏ ਠੱਗ ਲਏ ਸਨ। ਵਾਇਰ ਟ੍ਰਾਂਸਫਰ ਤੇ ਖ਼ੁਦ ਨੂੰ ਫੈਡਰਲ ਅਫ਼ਸਰ ਦੱਸ ਝੂਠ ਬੋਲਣ ਦੇ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ 'ਤੇ ਸਰਬਜੀਤ ਸਿੰਘ ਨੂੰ ਸਭ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ 14 ਦਸੰਬਰ ਤੋਂ ਜੇਲ੍ਹ ਜਾਵੇਗਾ।