ਚੰਡੀਗੜ੍ਹ: ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਚੁੱਕੇ ਰੁਪਏ ਨੇ ਭਾਰਤੀ ਵਿਦਿਆਰਥੀਆਂ ਨੂੰ ਗੰਭੀਰ ਸੰਕਟ ਵਿੱਚ ਪਾ ਦਿੱਤਾ ਹੈ। ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਪੜ੍ਹਾਈ ਦੇ ਨਾਲ-ਨਾਲ ਜਿੱਥੇ ਨੌਕਰੀ ਤਾਂ ਕਰਨੀ ਪੈ ਹੀ ਰਹੀ ਹੈ, ਨਾਲ ਹੀ ਖਰਚੇ ਘੱਟ ਕਰਨ ਲਈ ਰੋਟੀ ਖਾਣੀ ਵੀ ਘਟਾਉਣੀ ਪੈ ਰਹੀ ਹੈ। ਇਸ ਦੇ ਨਾਲ ਹੀ ਪਹਿਲਾਂ ਦੇ ਮੁਕਾਬਲੇ ਕੋਰਸਾਂ ਦੀ ਫੀਸ ਵੀ ਵਧ ਗਈ ਹੈ। ਅਜਿਹੇ ਵਿੱਚ ਭਾਰਤ ਵੱਸਦੇ ਮਾਪੇ ਆਪਣੇ ਬੱਚਿਆਂ ਲਈ ਫਿਕਰਮੰਦ ਹਨ, ਕਿਉਂਕਿ ਅਜਿਹੇ ਹਾਲਾਤ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਤੋਂ ਦੂਰ ਲਿਜਾ ਰਹੇ ਹਨ।
ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਫ਼ੀਸ ਭੇਜਣੀ ਸੀ, ਉਦੋਂ ਡਾਲਰ ਦਾ ਰੇਟ 70 ਰੁਪਏ ਸੀ। ਉਨ੍ਹਾਂ ਸੋਚਿਆ ਕਿ ਕੁਝ ਸਮਾਂ ਰੁਕ ਜਾਂਦੇ ਹਾਂ, ਇਹ ਵਾਪਸ 65 ਤਕ ਆ ਜਾਵੇਗਾ ਤਾਂ ਪੈਸੇ ਭੇਜਣ ਵਿੱਚ ਸੌਖ ਹੋਵੇਗੀ ਪਰ ਡਾਲਰ 72 ਤੋਂ ਵੀ ਪਾਰ ਹੋ ਗਿਆ। ਉੱਧਰੋਂ ਬੱਚਿਆਂ ਨੂੰ ਲੇਟ ਫੀਸ ਦਾ ਜ਼ੁਰਮਾਨਾ ਵੀ ਲੱਗ ਗਿਆ। ਹੁਣ ਉਨ੍ਹਾਂ ਨੂੰ ਇਸੇ ਵੱਧ ਮੁੱਲ 'ਤੇ ਹੀ ਪੈਸੇ ਭੇਜਣੇ ਪੈ ਰਹੇ ਹਨ।
ਇਸੇ ਤਰ੍ਹਾਂ ਹੀ 23 ਸਾਲਾ ਵਿਦਿਆਰਥੀ ਨਿਮੇਸ਼ ਬੰਦੇਕਰ ਨੇ ਅਮਰੀਕਾ ਦੇ ਡੇਟ੍ਰੋਇਟ ਦੀ ਵਾਯੇਨ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਮਾਸਰਟਰਜ਼ ਡਿਗਰੀ ਕਰਨ ਲਈ 30 ਲੱਖ ਰੁਪਏ ਦਾ ਵਿਦਿਅਕ ਕਰਜ਼ ਲਿਆ ਹੋਇਆ ਹੈ। ਡਾਲਰ ਦੇ ਮੁਕਾਬਲੇ ਜਿਸ ਤਰ੍ਹਾਂ ਰੁਪਿਆ ਟੁੱਟ ਰਿਹਾ ਹੈ, ਉਹ ਫਿਕਰਮੰਦ ਹੁੰਦਾ ਜਾ ਰਿਹਾ ਹੈ ਕਿ ਆਪਣਾ ਕਰਜ਼ ਕਿਸ ਤਰ੍ਹਾਂ ਚੁਕਤਾ ਕਰੇਗਾ। ਉਸ ਨੇ ਦੱਸਿਆ ਕਿ ਉਸ ਦਾ ਸਟੱਡੀ ਲੋਨ ਇਸੇ ਸਾਲ ਅਪਰੈਲ ਵਿੱਚ ਪਾਸ ਹੋਇਆ ਸੀ, ਉਦੋਂ ਇੱਕ ਡਾਲਰ ਦਾ ਭਾਅ 66 ਰੁਪਏ ਸੀ। ਅੱਜ ਡਾਲਰ ਦਾ ਭਾਅ ਵਧਣ ਨਾਲ ਉਸ ਨੂੰ ਆਪਣੀ ਫੀਸ ਵਿੱਚ 60,000 ਰੁਪਏ ਹੋਰ ਵੱਧ ਦੇਣੇ ਪੈਣਗੇ।
ਇਹ ਹਾਲ ਇਕੱਲੇ ਅਮਰੀਕਾ ਦਾ ਨਹੀਂ, ਸਗੋਂ ਇਸ ਸਾਲ ਯੂਕੇ ਦੇ ਪੌਂਡ ਦੇ ਮੁਕਾਬਲੇ ਵੀ ਰੁਪਏ ਦੀ ਕੀਮਤ ਕਾਫੀ ਘਟੀ ਹੈ। ਪਿਛਲੇ ਸਾਲ ਗ੍ਰੇਟ ਬ੍ਰਿਟੇਨ ਪੌਂਡ 86 ਰੁਪਏ ਦਾ ਸੀ ਜਦਕਿ ਅੱਜ 95 ਰੁਪਏ ਦਾ ਹੋ ਚੁੱਕਾ ਹੈ। ਆਪਣੀ ਉਚੇਰੀ ਪੜ੍ਹਾਈ ਲਈ ਜਿਹੜੇ ਵਿਦਿਆਰਥੀਆਂ ਨੂੰ ਜੀਆਰਈ, ਜੀਐਮਏਟੀ ਤੇ ਟੀਓਐਫਈਐਲ ਜਿਹੇ ਟੈਸਟ ਦੇਣੇ ਪੈਂਦੇ ਹਨ, ਉਨ੍ਹਾਂ ਦੀ ਫ਼ੀਸ ਵਿੱਚ 3,500 ਰੁਪਏ ਤੋਂ ਲੈ ਕੇ 14,500 ਰੁਪਏ ਤਕ ਵਧ ਚੁੱਕੀ ਹੈ।